* ਰਾਜ ਸਭਾ ’ਚ ਬਹਿਸ ਦੌਰਾਨ ਦਿੱਤਾ ਵਿਰੋਧੀ ਧਿਰ ਨੂੰ ਜਵਾਬ
* ਦੇਸ਼ ਦੇ ਆਤਮਨਿਰਭਰਤਾ ਵੱਲ ਵਧਣ ਦਾ ਦਾਅਵਾ
ਨਵੀਂ ਦਿੱਲੀ, 12 ਫਰਵਰੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਕਾਰ ਵੱਲੋਂ ਗਰੀਬਾਂ ਲਈ ਕੰਮ ਕਰਨ, ਮੁਫ਼ਤ ਰਾਸ਼ਨ ਤੇ ਰਸੋਈ ਗੈਸ ਮੁਹੱਈਆ ਕਰਨ ਦਾ ਦਾਅਵਾ ਕਰਦਿਆਂ ਵਿਰੋਧੀ ਪਾਰਟੀਆਂ ’ਤੇ ਮੋਦੀ ਸਰਕਾਰ ਬਾਰੇ ‘ਝੂਠੇ ਬਿਰਤਾਂਤ’ ਸਿਰਜਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਨ੍ਹਾਂ ਦਾ ਅਗਲੇ ਵਿੱਤੀ ਵਰ੍ਹੇ ਲਈ ਐਲਾਨਿਆ ਬਜਟ ਦੇਸ਼ ਨੂੰ ਸਥਿਰ ਵਿਕਾਸ ਮੁਹੱਈਆ ਕਰਵਾਏਗਾ। ਉਨ੍ਹਾਂ ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਬਜਟ ਯੂਪੀਏ ਦੇ ਕਾਰਜਕਾਲ ਜਿਹਾ ਨਹੀਂ ਹੈ ਜਿਸ ’ਚ ਪੂੰਜੀ ਵਿੱਚ ਫਰਜ਼ੀ ਵਾਧਾ ਦਿਖਾ ਕੇ ਵਿਕਾਸ ਹੋਇਆ ਪੇਸ਼ ਕੀਤਾ ਜਾਂਦਾ ਸੀ ਅਤੇ ਸਬਸਿਡੀ ਸਰਕਾਰੀ ਬਜਟ ਤੋਂ ਕੰਪਨੀਆਂ ਨੂੰ ਤਬਦੀਲ ਕਰ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ 2021-22 ਦਾ ਬਜਟ ਹਰ ਤਰ੍ਹਾਂ ਦੇ ਖਰਚ ’ਚ ਪਾਰਦਰਸ਼ਤਾ ਲਿਆਏਗਾ। ਉਨ੍ਹਾਂ ਰਾਜ ਸਭਾ ’ਚ ਬਜਟ ’ਤੇ ਬਹਿਸ ਦੌਰਾਨ ਜਵਾਬ ਦਿੰਦਿਆਂ ਕਿਹਾ ਕਿ ਰੱਖਿਆ ਲਈ ਰੱਖੇ ਬਜਟ ਵਿੱਚ ਮਾਲੀਏ ਤੇ ਪੂੰਜੀ ਦੋਵੇਂ ਪੱਖੋਂ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਪੈਨਸ਼ਨ ਦੀਆਂ ਮੱਦਾਂ ’ਚ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ਸਰਕਾਰ ’ਤੇ ਸਿਰਫ਼ ਅਮੀਰਾਂ ਲਈ ਕੰਮ ਕਰਨ ਦਾ ਝੂਠਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਬਜਟ ’ਚ ਸਭ ਤੋਂ ਵੱਧ 34.4 ਫੀਸਦ ਰਾਸ਼ੀ ਰੇਲਵੇ, ਸੜਕਾਂ ਤੇ ਰੱਖਿਆ ਲਈ ਰੱਖੀ ਗਈ ਹੈ ਜੋ ਸ੍ਰੀ ਚਿਦੰਬਰਮ ਵੇਲੇ ਨਹੀਂ ਰੱਖੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਲਈ ਕੰਮ ਕਰ ਰਹੀ ਹੈ ਅਤੇ ਸਰਕਾਰ ’ਤੇ ਪੂੰਜੀਪਤੀਆਂ ਨਾਲ ਗੰਢਤੁੱਪ ਕਰਨ ਦੇ ਦੋਸ਼ ਬੇਬੁਨਿਆਦ ਹਨ। ਵਿੱਤ ਮੰਤਰੀ ਨੇ ਰਾਜ ਸਭਾ ’ਚ ਦੱਸਿਆ ਕਿ ਸਰਕਾਰ ਨੇ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ) ਤਹਿਤ ਇਸ ਸਾਲ ਸਭ ਤੋਂ ਵੱਧ 90,500 ਕਰੋੜ ਰੁਪਏ ਦੇ ਕਰੀਬ ਰਾਸ਼ੀ ਖਰਚੀ ਗਈ ਹੈ।
ਬਜਟ ’ਚ ਗਰੀਬਾਂ ਲਈ ਕੁੱਝ ਨਹੀਂ: ਵਿਰੋਧੀ ਧਿਰ
ਨਵੀਂ ਦਿੱਲੀ: ਵਿਰੋਧੀ ਧਿਰ ਨੇ ਕੇਂਦਰ ਸਰਕਾਰ ਦੇ 2021-22 ਦੇ ਬਜਟ ਨੂੰ ਦਿਸ਼ਾਹੀਣ ਤੇ ਗਰੀਬ ਵਿਰੋਧੀ ਦੱਸਦਿਆਂ ਦੋਸ਼ ਲਾਇਆ ਕਿ ਇਸ ’ਚ ਰੱਖਿਆ ਸਮੇਤ ਕਈ ਅਹਿਮ ਹਿੱਸਿਆਂ ਲਈ ਕਟੌਤੀ ਕੀਤੀ ਗਈ ਹੈ ਅਤੇ ਗਰੀਬਾਂ ਨੂੰ ਰਾਹਤ ਦੇਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਹੈ। ਕਾਂਗਰਸ ਆਗੂ ਸ਼ਕਤੀ ਸਿੰਘ ਗੋਹਿਲ ਨੇ ਦੋਸ਼ ਲਾਇਆ ਕਿ ਇਹ ਬਜਟ ਅਮੀਰਾਂ ਦੀ ਮਦਦ ਲਈ ਹੈ ਜਦਕਿ ਗਰੀਬਾਂ, ਦੱਬੇ ਕੁਚਲਿਆਂ ਵਰਗ ਦੇ ਲੋਕਾਂ ਕਿਹਾ ਜਾ ਰਿਹਾ ਹੈ ਕਿ ਉਹ ‘ਆਤਮ ਨਿਰਭਰ’ ਬਣਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਸੈੱਸ ਲਾਇਆ ਹੈ ਉਸ ਦਾ ਮਕਸਦ ਟੈਕਸਾਂ ’ਚੋਂ ਸੂਬਿਆਂ ਦਾ ਹਿੱਸਾ ਘਟਾਉਣਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਖੇਤੀ ਸੁਧਾਰਾਂ ਦੇ ਮਾਮਲੇ ’ਚ ਮਨਮੋਹਨ ਸਿੰਘ ਤੇ ਸ਼ਰਦ ਪਵਾਰ ਬਾਰੇ ਗਲਤ ਵਿਆਖਿਆ ਕਰਨ ਦਾ ਦੋਸ਼ ਲਾਉਂਦਿਆਂ ਚੇਤੇ ਕਰਵਾਇਆ ਕਿ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਖੁਦ ਘੱਟੋ ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਦੀ ਸਿਫਾਰਸ਼ ਕੀਤੀ ਸੀ। ਸੀਪੀਆਈ ਦੇ ਬਿਨੌਇ ਬਿਸਵਾਮ ਨੇ ਦੋਸ਼ ਲਾਇਆ ਕਿ ਸਰਕਾਰ ਆਤਮਨਿਰਭਰ ਭਾਰਤ ਦੇ ਨਾਂ ਹੇਠ ਸਭ ਕੁਝ ਕਾਰਪੋਰੇਟਾਂ ਹਵਾਲੇ ਕਰ ਰਹੀ ਹੈ। ਬਸਪਾ ਆਗੂ ਅਸ਼ੋਕ ਸਿਧਾਰਥ ਤੇ ‘ਆਪ’ ਆਗੂ ਸੰਜੈ ਸਿੰਘ ਨੇ ਸਰਕਾਰ ਸਭ ਕੁਝ ਨਿੱਜੀ ਕੰਪਨੀਆਂ ਤੇ ਸਨਅਤਕਾਰਾਂ ਨੂੰ ਵੇਚ ਰਹੀ ਹੈ। -ਪੀਟੀਆਈ
ਰਾਜ ਸਭਾ ’ਚ ਬਜਟ ਸੈਸ਼ਨ ਦਾ ਪਹਿਲਾ ਗੇੜ ਮੁਕੰਮਲ
ਨਵੀਂ ਦਿੱਲੀ: ਰਾਜ ਸਭਾ ’ਚ 29 ਜਨਵਰੀ ਤੋਂ ਸ਼ੁਰੂ ਹੋਏ ਬਜਟ ਸੈਸ਼ਨ ਦਾ ਪਹਿਲਾ ਗੇੜ ਅੱਜ ਪੂਰਾ ਹੋ ਗਿਆ ਹੈ ਅਤੇ ਇਸ ਦੌਰਾਨ ਉੱਪਰਲੇ ਸਦਨ ’ਚ 99 ਫੀਸਦ ਕੰਮਕਾਰ ਹੋਇਆ। ਰਾਜ ਸਭਾ ’ਚ ਅੱਜ ਬਜਟ ’ਤੇ ਚਰਚਾ ਪੂਰੀ ਹੋਣ ਤੋਂ ਬਾਅਦ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਤਹਿਤ ਬਜਟ ਸੈਸ਼ਨ ਦਾ ਦੂਜਾ ਗੇੜ 8 ਮਾਰਚ ਨੂੰ ਸ਼ੁਰੂ ਹੋਵੇਗਾ ਅਤੇ 8 ਅਪਰੈਲ ਤੱਕ ਚੱਲੇਗਾ। -ਪੀਟੀਆਈ
ਸੀਤਾਰਮਨ ਨੇ ਮਾਰਿਆ ‘ਜਵਾਈ’ ਦਾ ਮਿਹਣਾ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਰਾਜ ਸਭਾ ’ਚ ਬਜਟ ਬਾਰੇ ਬਹਿਸ ਦੌਰਾਨ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਗਰੀਬਾਂ ਦੀ ਭਲਾਈ ਲਈ ਬਣੀਆਂ ਹਨ ਨਾ ਕਿਸੇ ਦੇ ਜਵਾਈ ਲਈ। ਵਿੱਤ ਮੰਤਰੀ ਨੇ ਹਾਲਾਂਕਿ ਇਸ ਦੌਰਾਨ ਕਿਸੇ ਦਾ ਸਿੱਧੇ ਤੌਰ ’ਤੇ ਨਾਂ ਨਹੀਂ ਲਿਆ ਪਰ ਉਨ੍ਹਾਂ ਦਾ ਇਸ਼ਾਰਾ ਸੋਨੀਆ ਗਾਂਧੀ ਦੇ ਜਵਾਈ ਤੇ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰੌਬਰਡ ਵਾਡਰਾ ਵੱਲ ਸੀ। ਉਨ੍ਹਾਂ ਕਿਹਾ, ‘ਜਨਵਰੀ 2020 ਤੱਕ ਯੂਪੀਆਈ ਰਾਹੀਂ ਡਿਜੀਟਲ ਲੈਣ-ਦੇਣ 3.6 ਲੱਖ ਕਰੋੜ ਤੋਂ ਵੱਧ ਦਾ ਹੋ ਚੁੱਕਾ ਸੀ। ਯੂਪੀਆਈ ਦੀ ਵਰਤੋਂ ਕੌਣ ਕਰਦਾ ਹੈ? ਅਮੀਰ? ਨਹੀਂ। ਮੱਧ ਵਰਗ, ਛੋਟੇ ਕਾਰੋਬਾਰੀ। ਫਿਰ ਇਹ ਲੋਕ ਕੌਣ ਹਨ? ਕੀ ਸਰਕਾਰ ਯੂਪੀਆਈ ਦੀ ਪ੍ਰਬੰਧ ਅਮੀਰਾਂ ਨੂੰ ਲਾਭ ਦੇਣ ਲਈ ਕਰ ਰਹੀ ਹੈ ਜਾਂ ਕੁਝ ਜਵਾਈਆਂ ਨੂੰ?’