ਪੱਤਰ ਪ੍ਰੇਰਕ
ਚੰਡੀਗੜ੍ਹ, 24 ਅਕਤੂਬਰ
ਪੀ.ਜੀ.ਆਈ. ਦੇ ਗੈਸਟਰੋ-ਐਂਟਰੋਲੋਜੀ ਵਿਭਾਗ ਵਿੱਚ ਐਂਡੋਸਕੋਪੀ ਡਿਸ-ਇਨਫੈਕਸ਼ਨ ਯੂਨਿਟ ਨਾਲ ਨਵਾਂ ਐਡਵਾਂਸਡ ਐਂਡੋਸਕੋਪੀ ਸੈਂਟਰ ਅਤੇ ਐਡਵਾਂਸਡ ਫਲੂਰੋਸਕੋਪੀ ਸੈਂਟਰ ਸਥਾਪਿਤ ਕੀਤਾ ਗਿਆ ਹੈ। ਅੱਜ ਇਸ ਸੈਂਟਰ ਦਾ ਉਦਘਾਟਨ ਵਿਭਾਗ ਦੇ ਪਹਿਲੇ ਪਦਮ ਭੂਸ਼ਨ ਡਾ. ਡੀ.ਐਨ. ਰੈਡੀ ਵੱਲੋਂ ਕੀਤਾ ਗਿਆ। ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸਾਬਕਾ ਡਾਇਰੈਕਟਰ ਪ੍ਰੋ. ਵਾਈ.ਕੇ. ਚਾਵਲਾ ਅਤੇ ਗੈਸਟਰੋ-ਐਂਟਰੋਲੋਜੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਕਰਤਾਰ ਸਿੰਘ ਵੀ ਸ਼ਾਮਿਲ ਹੋਏ।
ਵਿਭਾਗ ਦੀ ਮੁਖੀ ਪ੍ਰੋ. ਊਸ਼ਾ ਦੱਤਾ ਨੇ ਦੱਸਿਆ ਕਿ ਨਵੇਂ ਸੈਂਟਰ ਵਿੱਚ ਅਤਿ ਆਧੁਨਿਕ ਪੇਚੀਦਾ ਐਂਡੋਸਕੋਪੀ ਪ੍ਰਕਿਰਿਆਵਾਂ ਲਈ ਅਤਿ ਆਧੁਨਿਕ ਉਪਕਰਣ ਮੌਜੂਦ ਹਨ। ਇਸ ਤੋਂ ਇਲਾਵਾ ਵਿਭਾਗ ਵਿੱਚ ਇਨਫ਼ੈਕਸ਼ਨ ਦੇ ਜੋਖਮ ਨੂੰ ਦੂਰ ਕਰਨ ਲਈ ਇੱਕ ਨਵਾਂ ਆਟੋਮੈਟਿਕ ਕੀਟਾਣੂ ਰਹਿਤ ਯੂਨਿਟ ਵੀ ਸ਼ਾਮਿਲ ਕੀਤਾ ਗਿਆ ਹੈ। ਡਾ. ਡੀ.ਐਨ. ਰੈਡੀ ਨੇ ਪੀ.ਜੀ.ਆਈ. ਵਿੱਚ ਆਪਣੀ ਦੋ ਸਾਲਾਂ ਦੀ ਸਿਖਲਾਈ ਤੋਂ ਲੈ ਕੇ ਵਿਸ਼ਵ ਭਰ ਵਿੱਚ ਐਂਡੋਸਕੋਪੀ ਵਿੱਚ ਇੱਕ ਪ੍ਰਮੁੱਖ ਮਾਹਿਰ ਬਣਨ ਤੱਕ ਐਂਡੋਸਕੋਪੀ ਵਿੱਚ ਆਪਣੀ ਯਾਤਰਾ ਬਾਰੇ ਜਾਣਕਾਰੀ ਦਿੱਤੀ।