ਗੁਰਜੰਟ ਕਲਸੀ
ਸਮਾਲਸਰ, 11 ਜੁਲਾਈ
ਕੇਵਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ ਕਲਾਂ ਵਿਚ ਬਾਰ੍ਹਵੀਂ ਦੀਆਂ ਕਲਾਸਾਂ ਸ਼ੁਰੂ ਨਾ ਹੋਣ ਕਾਰਨ ਬੱਚਿਆਂ ਦੇ ਮਾਪਿਆਂ ਵਲੋਂ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਅਨੁਸਾਰ ਕੇਵਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ ਕਲਾਂ ਨੂੰ 12ਵੀਂ ਤੱਕ ਅਪਗ੍ਰੇਡ ਕਰਨ ਲਈ ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਨੇ ਸਾਲ 2000 ਵਿਚ ਨੀਂਹ ਪੱਥਰ ਰੱਖਿਆ ਸੀ। ਪਿਛਲੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਸਿੱਖਿਆ ਵਿਭਾਗ ਵੱਲੋਂ ਮਿਤੀ 08/01/2022 ਨੂੰ ਸਕੂਲ ਅਪਗ੍ਰੇਡ ਕਰਨ ਦਾ ਪੱਤਰ ਜਾਰੀ ਕੀਤਾ ਗਿਆ। ਇਸ ਕਾਰਨ ਸੈਸ਼ਨ 2022-23 ਤੋਂ ਸਕੂਲ ਵਿਚ ਗਿਆਰਵੀਂ ਜਮਾਤ ਦੇ ਸੇਖਾ ਕਲਾਂ ਅਤੇ ਸੇਖਾ ਖੁਰਦ ਵਿਦਿਆਰਥੀਆਂ ਦੇ ਦਾਖ਼ਲੇ ਤਾਂ ਕੀਤੇ ਗਏ ਪਰ ‘ਆਪ’ ਸਰਕਾਰ ਨੇ ਲੋੜੀਂਦੀਆਂ ਪੋਸਟਾਂ ਦੀ ਭਰਪਾਈ ਨਹੀਂ ਕੀਤੀ। ਇਸ ਕਾਰਨ ਇਸ ਸਕੂਲ ਵਿੱਚ ਦਾਖ਼ਲਾ ਲੈਣ ਵਾਲੇ ਦੋ ਪਿੰਡਾਂ ਦੇ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ।
ਇਸ ਸਬੰਧੀ ਪਿੰਡ ਪੱਧਰ ਦੇ ਆਗੂ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਨੂੰ ਤਿੰਨ ਵਾਰ ਮਿਲ ਚੁੱਕੇ ਹਨ। ਦੁਖੀ ਹੋਏ ਲੋਕਾਂ ਨੇ ਸਕੂਲ ਅੱਗੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ ਹੈ। ਇਸ ਸਬੰਧੀ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਇਸ ਸਬੰਧੀ ਸਕੂਲ ਮੁਖੀ ਚਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਸੰਤੁਸ਼ਟੀਪੂਰਨ ਜਵਾਬ ਨਹੀਂ ਮਿਲਿਆ। ਇਸ ਸਬੰਧੀ ‘ਆਪ’ ਦੇ ਜ਼ਿਲ੍ਹਾ ਜਨਰਲ ਸਕੱਤਰ ਦੀਪਕ ਕੁਮਾਰ ਨੇ ਕਿਹਾ ਕਿ ਇਸ ਸਬੰਧੀ ਮਤਾ ਪਾਇਆ ਹੋਇਆ ਹੈ ਅਤੇ ਜਲਦੀ ਕਾਰਵਾਈ ਹੋਵੇਗੀ।