ਚੰਡੀਗੜ੍ਹ, 29 ਦਸੰਬਰ
ਮੁੱਖ ਅੰਸ਼
- ਪੰਜਾਬ ਵਿੱਚ ਮੋਗਾ ਸਭ ਤੋਂ ਠੰਢਾ
- ਕਸ਼ਮੀਰ ਦੀਆਂ ਬਹੁਤੀਆਂ ਥਾਵਾਂ ’ਤੇ ਪਾਰਾ ਮਨਫੀ ਨਾਲੋਂ ਹੇਠਾਂ ਦਰਜ
ਕਸ਼ਮੀਰ ਦੇ ਪਹਾੜਾਂ ਤੋਂ ਲੈ ਕੇ ਪੰਜਾਬ-ਹਰਿਆਣਾ ਦੇ ਮੈਦਾਨੀ ਇਲਾਕਿਆਂ ਤੱਕ ਹੱਡ ਚੀਰਵੀਂ ਠੰਢ ਦੀ ਜਕੜ ਬਣੀ ਰਹੀ ਜਿਸ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਦੀਆਂ ਬਹੁਤੀਆਂ ਥਾਵਾਂ ’ਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਮੋਗਾ ਸਭ ਤੋਂ ਠੰਢਾ ਇਲਾਕਾ ਰਿਹਾ ਜਿੱਥੇ ਘੱਟੋ ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ ਤੇ ਫਿਰੋਜ਼ਪੁਰ ’ਚ ਘੱਟੋ ਘੱਟ ਤਾਪਮਾਨ 2.4 ਡਿਗਰੀ ਰਿਹਾ। ਪੰਜਾਬ ਦੀਆਂ ਹੋਰਨਾਂ ਥਾਵਾਂ ਬਰਨਾਲਾ ’ਚ ਘੱਟੋ ਘੱਟ ਤਾਪਮਾਨ 2.7, ਜਲੰਧਰ ’ਚ 3.9, ਗੁਰਦਾਸਪੁਰ ’ਚ 3.3, ਪਠਾਨਕੋਟ ’ਚ 4.6, ਲੁਧਿਆਣਾ ’ਚ 7.1 ਜਦਕਿ ਪਟਿਆਲਾ ’ਚ ਘੱਟੋ ਘੱਟ ਤਾਪਮਾਨ 6.5 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ ਦਾ ਘੱਟ ਤਾਪਮਾਨ 5 ਡਿਗਰੀ, ਸਿਰਸਾ ’ਚ 4.6, ਨਾਰਨੌਲ ’ਚ 6, ਅੰਬਾਲਾ ’ਚ 6.9, ਕਰਨਾਲ ’ਚ 7.7, ਗੁਰੂਗ੍ਰਾਮ ’ਚ ਘੱਟੋ ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਰਿਹਾ।
ਉੱਧਰ ਕਸ਼ਮੀਰ ’ਚ ਵੀ ਹੱਡ ਚੀਰਵੀਂ ਠੰਢ ਦਾ ਜ਼ੋਰ ਰਿਹਾ ਤੇ ਸੈਰ-ਸਪਾਟੇ ਲਈ ਮਸ਼ਹੂਰ ਥਾਂ ਗੁਲਮਰਗ ’ਚ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਗੁਲਮਰਗ ’ਚ ਘੱਟੋ ਘੱਟ ਤਾਪਮਾਨ ਮਨਫੀ 10.4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਦੱਸਿਆ ਕਿ ਕਸ਼ਮੀਰ ਦੀਆਂ ਹੋਰਨਾਂ ਥਾਵਾਂ ਪਹਿਲਗਾਮ ’ਚ ਘੱਟੋ ਘੱਟ ਤਾਪਮਾਨ ਮਨਫੀ 6.6 ਡਿਗਰੀ, ਸ੍ਰੀਨਗਰ ’ਚ ਮਨਫੀ 2.3, ਕਾਜ਼ੀਗੁੰਡ ’ਚ 0.6, ਦੱਖਣੀ ਕੋਕਰਨਾਗ ’ਚ ਮਨਫੀ 0.4, ਕੁਪਵਾੜਾ ’ਚ ਘੱਟੋ ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਸ਼ਮੀਰ ’ਚ ਇਸ ਸਮੇਂ ਸਖਤ ਠੰਢ ਦਾ ਦੌਰ ‘ਚਿੱਲਈ ਕਲਾਂ’ ਚੱਲ ਰਿਹਾ ਹੈ। -ਪੀਟੀਆਈ
ਦਿੱਲੀ ’ਚ ਹਲਕੀ ਧੁੰਦ, ਹਵਾ ਪ੍ਰਦੂਸ਼ਣ ਘਟਿਆ
ਨਵੀਂ ਦਿੱਲੀ: ਕੌਮੀ ਰਾਜਧਾਨੀ ’ਚ ਅੱਜ ਸਵੇਰੇ ਹਲਕੀ ਧੁੰਦ ਛਾਈ ਰਹੀ ਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਵੱਧ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਲੰਘੇ ਚੌਵੀ ਘੰਟਿਆਂ ਅੰਦਰ ਸ਼ਹਿਰ ’ਚ 4 ਐੱਮਐੱਮ ਮੀਂਹ ਪਿਆ ਹੈ। ਉਨ੍ਹਾਂ ਸ਼ਹਿਰ ’ਚ ਹਲਕੀ ਧੁੰਦ ਨਾਲ ਬੱਦਲ ਛਾਏ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਦੂਜੇ ਪਾਸੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸ਼ਹਿਰ ਦੀ ਹਵਾ ’ਚ ਅੱਜ ਸੁਧਾਰ ਦਰਜ ਕੀਤਾ ਗਿਆ ਤੇ ਇਹ ‘ਖਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ ਜੋ ਬੀਤੇ ਦਿਨ ‘ਬਹੁਤ ਖਰਾਬ’ ਸ਼੍ਰੇਣੀ ’ਚ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਏਕਿਊਆਈ 288 ਅੰਕ ਰਿਹਾ। -ਪੀਟੀਆਈ