ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਪਰੈਲ
ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਰਾਜ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਵਿਡ ਟੈਸਟ ਦੇ ਨਤੀਜੇ 24 ਘੰਟਿਆਂ ਦੇ ਅੰਦਰ ਅੰਦਰ ਸਬੰਧਤ ਲੋਕਾਂ ਤੱਕ ਪਹੁੰਚਾਏ ਜਾਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਟੀਕਾਕਰਨ ਲਈ ਅੱਗੇ ਆਉਣ ਤਾਂ ਜੋ ਲਾਗ ਦੀ ਰਫ਼ਤਾਰ ਤੀਬਰਤਾ ਨੂੰ ਵੈਕਸੀਨ ਨਾਲ ਰੋਕਿਆ ਜਾ ਸਕੇ। ਪ੍ਰਬੰਧਕੀ ਸਕੱਤਰਾਂ, ਡਿਪਟੀ ਕਮਿਸ਼ਨਰਾਂ, ਸੀਪੀਜ਼ ਅਤੇ ਐੱਸਐੱਸਪੀਜ਼ ਨਾਲ ਰਾਜ ਵਿੱਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਸਬੰਧਤ ਵਿਭਾਗਾਂ ਨੂੰ ਘਰੇਲੂ ਇਕਾਂਤਵਾਸ ਤਹਿਤ ਮਰੀਜ਼ਾਂ ਨੂੰ ਕਰੋਨਾ ਫਤਿਹ ਕਿੱਟ ਦੇ ਨਾਲ-ਨਾਲ ਫੂਡ ਕਿੱਟਾਂ ਵੀ ਮੁਹੱਈਆ ਕਰਵਾਉਣ ਲਈ ਕਿਹਾ। ਕੋਵਿਡ ਟੈਸਟ ਦਾ ਟੀਚਾ ਰੋਜ਼ਾਨਾ 50,000 ਟੈਸਟ ਤੱਕ ਨਿਸ਼ਚਤ ਕਰਦਿਆਂ ਸ੍ਰੀਮਤੀ ਮਹਾਜਨ ਨੇ ਕਿਹਾ ਕਿ ਸਾਰੇ ਸੰਪਰਕਾਂ ਦੀ ਤੁਰੰਤ ਆਰਏਟੀ ਟੈਸਟਿੰਗ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰ ਕੋਵਿਡ-19 ਪ੍ਰਬੰਧਨ ਲਈ ਕਿਸੇ ਵੀ ਵਿਭਾਗ ਦੇ ਸਟਾਫ ਦੀਆਂ ਸੇਵਾਵਾਂ ਲੈ ਸਕਦੇ ਹਨ ਅਤੇ ਟੀਕਾਕਰਨ ਦੀ ਯੋਜਨਾਬੰਦੀ ਲਈ ਬੀਐੱਲਓਜ਼ ਦੀਆਂ ਸੇਵਾਵਾਂ ਵੀ ਲਈਆਂ ਜਾ ਸਕਦੀਆਂ ਹਨ। ਸ੍ਰੀਮਤੀ ਮਹਾਜਨ ਨੇ ਕਿਹਾ ਕਿ ਸੀਐੱਫਆਰ ’ਤੇ ਕਾਬੂ ਪਾਉਣ ਲਈ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਸਖਤ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਡੀਸੀਜ਼ ਅਤੇ ਸੀਪੀਜ਼ ਸਮੇਤ ਐੱਸਐੱਸਪੀਜ਼ ਨੂੰ ਵੀ ਹਦਾਇਤ ਕੀਤੀ ਕਿ ਉਹ ਕੋਵਿਡ ਵਾਇਰਸ ਤੋਂ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਮੌਜੂਦਾ ਨਿਯਮਾਂ ਅਤੇ ਪਾਬੰਦੀਆਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ। ਪੁਲੀਸ ਮੁਖੀ ਨੇ ਦੱਸਿਆ ਕਿ ਕੁੱਲ 82 ਫ਼ੀਸਦੀ ਪੁਲੀਸ ਮੁਲਾਜ਼ਮਾਂ ਨੂੰ ਕੋਵਿਡ ਦਾ ਟੀਕਾ ਲਗਾਇਆ ਜਾ ਚੁੱਕਾ ਹੈ ਜਿਸ ਨਾਲ ਕੋਵਿਡ-19 ਦੀ ਤੀਬਰਤਾ ਨੂੰ ਰੋਕਣ ਵਿੱਚ ਹਾਂ-ਪੱਖੀ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੁਲੀਸ ਫੋਰਸ ਵੱਲੋਂ ਕੋਵਿਡ ਸਬੰਧੀ ਨਿਯਮ ਲਾਗੂ ਕਰਨ ਲਈ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਮਾਸਕ ਨਾ ਪਾਉਣ ਅਤੇ ਕੋਵਿਡ ਨਿਯਮਾਂ ਦੀ ਉਲੰਘਣਾ ਲਈ 3 ਲੱਖ ਤੋਂ ਵੱਧ ਵਿਅਕਤੀਆਂ ਦੇ ਚਲਾਨ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਟੈਸਟਿੰਗ ਕੇਂਦਰਾਂ ’ਤੇ ਲਿਜਾਇਆ ਗਿਆ।