ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਅਗਸਤ
ਦੇਸ਼ ਭਗਤ ਯਾਦਗਾਰ ਹਾਲ ’ਚ ਪੰਜਾਬ ਭਰ ਤੋਂ ਜੁੜੇ ਸਿਖਿਆਰਥੀਆਂ ਦੇ ਲੱਗੇ ਤਿੰਨ ਰੋਜ਼ਾ ਚੇਤਨਾ ਕੈਂਪ ਦੇ ਆਖਰੀ ਦਿਨ ਪੰਜਾਬ ਦੇ ਵਾਤਾਵਰਨ ਬਾਰੇ ਚਰਚਾ ਕੀਤੀ ਗਈ। ਕੈਂਪ ਵਿੱਚ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ।
ਪੰਜਾਬ ’ਚ ਭਖ਼ਦੇ ਮੁੱਦੇ ‘ਪਾਣੀ, ਵਾਤਾਵਰਨ ਅਤੇ ਜਨ ਜੀਵਨ ’ਤੇ ਮਾਰੂ ਹੱਲਾ’ ਵਿਸ਼ੇ ਉੱਪਰ ਦੇਸ਼ ਭਗਤ ਯਾਦਗਾਰ ਕਮੇਟੀ ਮੈਂਬਰ ਵਿਜੈ ਬੰਬੇਲੀ ਨੇ ਕਿਹਾ ਕਿ ਵਾਤਾਵਰਨ ਦੇ ਪੱਖ ਤੋਂ ਪੰਜਾਬ ਅੰਦਰ ਵੱਸਦੇ ਲੋਕ ਮਿੱਟੀ ਅਤੇ ਜਲ ਦੇ ਗੰਭੀਰ ਸੰਕਟ ਦਾ ਸ਼ਿਕਾਰ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀ ਇੱਕਲਾ ਸਾਡੇ ਜਿਊਣ ਲਈ ਹੀ ਨਹੀਂ ਸਗੋਂ ਇਹ ਸਾਡੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸ਼ਕਤੀ ਵੀ ਹੈ। ਉਨ੍ਹਾਂ ਕਿਹਾ ਕਿ ਖੇਤੀ ਜਾਂ ਰੋਜ਼ ਮਰ੍ਹਾ ਜੀਵਨ ਵਿੱਚ ਵਰਤੇ ਜਾਂਦੇ ਪਾਣੀ ਨੂੰ ਹੀ ਜਲ ਸੰਕਟ ਦਾ ਮੁੱਖ ਕਾਰਨ ਦੱਸ ਕੇ ਸ਼ਰਾਬ, ਸਾਫ਼ਟ ਡਰਿੰਕਸ, ਕੱਪੜਾ, ਰਸਾਇਣਕ ਆਦਿ ਉਦਯੋਗ ਦੁਆਰਾ ਵਰਤੇ ਜਾਂਦੇ ਬੇਤਹਾਸ਼ਾ ਪਾਣੀ ਕਾਰਨ ਬਣ ਰਹੇ ਸੰਕਟ ’ਤੇ ਪਰਦਾਪੋਸ਼ੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਆਉਣ ਵਾਲੇ ਸਾਲਾਂ ਵਿੱਚ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਜਾਵੇਗਾ ਤੇ ਪਾਣੀ ਤੀਜੇ ਮਹਾਂ ਯੁੱਧ ਦਾ ਕਾਰਨ ਬਣ ਸਕਦਾ ਹੈ।
ਇਸ ਮਗਰੋਂ ਸਮੂਹ ਸਿਖਿਆਰਥੀਆਂ ਨੂੰ ‘ਪ੍ਰਮਾਣ-ਪੱਤਰ’ ਅਤੇ ਕਿਤਾਬਾਂ ਨਾਲ ਸਨਮਾਨਤ ਕੀਤਾ ਗਿਆ। ਕਮੇਟੀ ਦੇ ਕਾਰਜਕਰਨੀ ਸਕੱਤਰ ਡਾ. ਪਰਮਿੰਦਰ ਸਿੰਘ, ਪ੍ਰਧਾਨ ਅਜਮੇਰ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਦਰਸ਼ਨ ਖਟਕੜ, ਹਰਮੇਸ਼ ਮਾਲੜੀ, ਰੰਜੀ ਲਾਲ ਕੰਗਣੀਵਾਲ ਤੇ ਪ੍ਰੋ. ਗੋਪਾਲ ਬੁੱਟਰ ਨੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਮੂਹ ਸਿਖਿਆਰਥੀਆਂ ਨੂੰ ਸਨਮਾਨਤ ਕੀਤਾ। ਕਮੇਟੀ ਦੇ ਕਾਰਜਕਾਰੀ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਪ੍ਰਧਾਨ ਅਜਮੇਰ ਸਿੰਘ ਨੇ ਕੈਂਪ ਦੀ ਸਫ਼ਲਤਾ ’ਤੇ ਤਸੱਲੀ ਪ੍ਰਗਟਾਉਂਦਿਆਂ ਅਜਿਹੇ ਯਤਨ ਭਵਿੱਖ ’ਚ ਜਾਰੀ ਰੱਖਣ ਦਾ ਵਿਸਵਾਸ਼ ਦੁਆਇਆ। ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।