ਪੱਤਰ ਪ੍ਰੇਰਕ
ਖਰੜ, 12 ਫਰਵਰੀ
ਪਿੰਡ ਚੋਲਟਾ ਖੁਰਦ ਵਾਸੀਆਂ ਨੇ ਪਿੰਡ ਵਿੱਚ ਕਬਰਿਸਤਾਨ ਦੀ ਜਗ੍ਹਾ ਵਿੱਚ ਇੱਕ ਵਿਅਕਤੀ ਵੱਲੋਂ ਨਾਜਾਇਜ਼ ਤੌਰ ’ਤੇ ਗੰਦੇ ਪਾਣੀ ਦੀਆਂ ਪਾਈਪਾਂ ਪਾਉਣ, ਰਸਤਾ ਬਣਾਉਣ ਅਤੇ ਨਾਜਾਇਜ਼ ਕਬਜ਼ਾ ਕਰਨ ਸਬੰਧੀ ਸ਼ਿਕਾਇਤ ਖਰੜ ਦੇ ਐੱਸਡੀਐੱਮ ਤੇ ਪੁਲੀਸ ਅਧਿਕਾਰੀਆਂ ਕੋਲ ਕੀਤੀ ਹੈ। ਇਸ ਸਬੰਧੀ ਇੱਕ ਵਸਨੀਕ ਨੇ ਦੱਸਿਆ ਕਿ ਇਸ ਕਬਰਿਸਤਾਨ ਵਿਚ ਉਸ ਦੇ ਦਾਦਾ ਜੀ, ਪਿਤਾ ਜੀ ਅਤੇ ਹੋਰ ਬੰਦੇ ਦਫਨ ਹਨ। ਇੱਕ ਵਿਅਕਤੀ ਨੇ ਇਨ੍ਹਾਂ ਕਬਰਾਂ ਉਤੇ ਗੰਦੇ ਪਾਣੀ ਦੀ ਨਿਕਾਸੀ ਕਰ ਲਈ ਹੈ ਅਤੇ ਨਜ਼ਾਇਜ ਤਰੀਕੇ ਨਾਲ ਰਸਤਾ ਬਣਾ ਲਿਆ ਹੈ ਜੋ ਗੈਰ ਕਾਨੂੰਨੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸਬੰਧੀ ਕਾਰਵਾਈ ਕਰਕੇ ਨਾਜਾਇਜ਼ ਕਬਜ਼ਾ ਛੁਡਵਾਇਆ ਜਾਵੇ। ਇਸ ਸਬੰਧੀ ਸਰਪੰਚ ਨਰੇਸ਼ ਰਾਣਾ ਨੇ ਦੱਸਿਆ ਕਿ ਪੰਚਾਇਤ ਵੱਲੋਂ ਇਸ ਸਬੰਧੀ ਖਰੜ ਦੇ ਐੱਸਡੀਐੱਮ ਤੇ ਪੁਲੀਸ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ।