ਪੱਤਰ ਪ੍ਰੇਰਕ
ਕੁਰਾਲੀ, 24 ਅਕਤੂਬਰ
ਪਿਛਲੇਂ ਸਮੇਂ ਲਖੀਮਪੁਰ ਖੀਰੀ (ਯੂਪੀ) ਵਿੱਚ ਭਾਜਪਾ ਮੰਤਰੀ ਦੇ ਪੁੱਤਰ ਵੱਲੋਂ ਗੱਡੀ ਚੜ੍ਹਾਕੇ ਸ਼ਹੀਦ ਕੀਤੇ ਕਿਸਾਨਾਂ ਦੀਆਂ ਅਸਥੀਆਂ ਟੋਲ ਪਲਾਜ਼ਾ ਬੜੌਦੀ ਵਿਖੇ ਪੁੱਜਣ ’ਤੇ ਇਲਾਕਾ ਵਾਸੀਆਂ ਵੱਲੋਂ ਕਾਫਲੇ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਸਬੰਧੀ ਲਖੀਮਪੁਰ ਖੀਰੀ ਤੋਂ ਅਸਥੀਆਂ ਲੈ ਕੇ ਚੱਲੇ ਕਿਸਾਨ ਮੋਰਚੇ ਵੱਲੋਂ ਥਾਂ ਥਾਂ ਹੁੰਦੇ ਹੋਏ ਚੰਡੀਗੜ੍ਹ ਅਧੀਨ ਖੇਤਰ ਦੇ ਪਿੰਡਾਂ ’ਚ ਲਿਜਾਇਆ ਗਿਆ। ਇਸ ਉਪਰੰਤ ਨਿਊ ਚੰਡੀਗੜ੍ਹ ਹੁੰਦਾ ਹੋਇਆ ਇਹ ਕਾਫਲਾ ਸ਼ਾਮ ਸਮੇਂ ਟੌਲ ਪਲਾਜ਼ਾ ਬੜੌਦੀ ਪੁੱਜਿਆ। ਇਸ ਦੌਰਾਨ ਲੋਕ ਹਿੱਤ ਮਿਸ਼ਨ ਅਤੇ ਇਲਾਕੇ ਦੇ ਹੋਰ ਕਿਸਾਨਾਂ ਨੇ ਕਾਫਲੇ ਦਾ ਸਵਾਗਤ ਕਰਦਿਆਂ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸੇ ਦੌਰਾਨ ਗੁਰਮੀਤ ਸਿੰਘ ਸ਼ਾਂਟੂ, ਸੁਖਦੇਵ ਸਿੰਘ ਸੁੱਖਾ ਕੰਸਾਲਾ, ਰਵਿੰਦਰ ਸਿੰਘ ਵਜੀਦਪੁਰ, ਗੁਰਸ਼ਰਨ ਸਿੰਘ ਨੱਗਲ, ਰਵਿੰਦਰ ਸਿੰਘ ਬੈਂਸ ਤੇ ਲਖਵੀਰ ਸਿੰਘ ਜੰਟੀ ਨੇ ਮੋਰਚੇ ਵੱਲੋਂ ਅਸਥੀਆਂ ਲੈ ਕੇ ਪੁੱਜੇ ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਗੁਰਪ੍ਰੀਤ ਸਿੰਘ ਸੋਮਲ ਤੇ ਕੁਲਦੀਪ ਹਰਿਆਣਾ ਦਾ ਇਸ ਸੇਵਾ ਬਦਲੇ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਪਿਛਲੇ ਸਾਲ ਤੋਂ ਜਾਰੀ ਇਹ ਸੰਘਰਸ਼ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਬਚਾਉਣ ਤੇ ਨਵੀਂ ਪੀੜ੍ਹੀ ਦੇ ਭਵਿੱਖ ਸਮੇਤ ਦੇਸ਼ ਦੀ ਆਰਥਿਕਤਾ ਲਈ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਲੰਮੇ ਅਰਸੇ ਤੋਂ ਸੜਕਾਂ ’ਤੇ ਬੈਠੇ ਕਿਰਤੀ ਨਾਗਰਿਕਾਂ ਦੇ ਹੱਕਾਂ ਦੀ ਆਵਾਜ਼ ਸੁਣਨ ਦੀ ਥਾਂ ਉਲਟਾ ਉਨ੍ਹਾਂ ’ਤੇ ਹਮਲੇ ਕਰਵਾ ਰਹੀ ਹੈ ਜਿਸ ਦਾ ਸਬੂਤ ਲਖੀਮਪੁਰ ਦੀ ਘਟਨਾ ਹੈ ਅਤੇ ਸੰਘਰਸ਼ ਦੌਰਾਨ ਇੱਕ ਹਜ਼ਾਰ ਦੇ ਨੇੜੇ ਕਿਸਾਨ ਆਪਣੀ ਜ਼ਿੰਦਗੀ ਗਵਾ ਚੁੱਕੇ ਹਨ।
ਸ਼ਹੀਦਾਂ ਦੀਆਂ ਅਸਥੀਆਂ ਦਾ ਬੜੌਦੀ ਟੌਲ ਪਲਾਜ਼ਾ ’ਤੇ ਫੁੱਲਾਂ ਨਾਲ ਸਵਾਗਤ ਕਰਦੇ ਹੋਏ ਕਿਸਾਨ।