ਚੋਣ ਕਮਿਸ਼ਨ ਦਾ ਪੱਖਪਾਤ
15 ਅਪਰੈਲ ਦਾ ਸੰਪਾਦਕੀ ‘ਬੰਗਾਲ ਚੋਣਾਂ ਅਤੇ ਚੋਣ ਕਮਿਸ਼ਨ’ ਨੂੰ ਵਾਚਣ ਤੋਂ ਇੰਝ ਮਹਿਸੂਸ ਹੋਇਆ, ਜਿਵੇਂ ਕੇਂਦਰੀ ਚੋਣ ਕਮਿਸ਼ਨ ਨਿਰਪੱਖ ਭੂਮਿਕਾ ਨਿਭਾਉਣ ਦੀ ਬਜਾਏ ਸਗੋਂ ਕੇਂਦਰੀ ਸੱਤਾਧਾਰੀਆਂ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੋਵੇ। ਚੋਣ ਕਮਿਸ਼ਨ ਨੇ ਤ੍ਰਿਣਮੂਲ ਕਾਂਗਰਸ ਦੀ ਆਗੂ ਤੇ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਪ੍ਰਚਾਰ ਕਰਨ ਦੇ ਮਾਮਲੇ ਵਿਚ 24 ਘੰਟਿਆਂ ਦੀ ਪਾਬੰਦੀ ਲਗਾਈ ਪਰ ਬੰਗਾਲ ਦੀਆਂ ਚੋਣ ਰੈਲੀਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਵੇਂ ਫਿ਼ਰਕੂ ਪ੍ਰਚਾਰ ਕਰ ਰਹੇ ਹਨ, ਉਸ ਬਾਰੇ ਚੋਣ ਕਮਿਸ਼ਨ ਵੱਲੋਂ ਕੋਈ ਨੋਟਿਸ ਨਾ ਲੈਣਾ ਕਮਿਸ਼ਨ ਦੇ ਕਥਿਤ ਪੱਖਪਾਤੀ ਹੋਣ ਵੱਲ ਸਪਸ਼ਟ ਇਸ਼ਾਰਾ ਕਰਦਾ ਹੈ। ਦੂਜੇ ਪਾਸੇ ਸੁਰੱਖਿਆ ਬਲਾਂ ਦੀ ਗੋਲੀ ਦਾ ਸ਼ਿਕਾਰ ਹੋਏ ਪਰਿਵਾਰਾਂ ਨਾਲ ਮਮਤਾ ਬੈਨਰਜੀ ਵੱਲੋਂ ਹਮਦਰਦੀ ਪ੍ਰਗਟ ਕਰਨਾ ਕੋਈ ਗੁਨਾਹ ਨਹੀਂ ਸਗੋਂ ਅਜਿਹੀ ਹਮਦਰਦੀ ਨੂੰ ਸੁਰੱਖਿਆ ਬਲਾਂ ਦਾ ਹੌਸਲਾ ਡੇਗਣ ਵਾਲਾ ਕਦਮ ਕਰਾਰ ਦੇਣਾ ਕੀ ਵਰਦੀਧਾਰੀ ਗੁੰਡਾਗਰਦੀ ਨੂੰ ਸ਼ਹਿ ਦੇਣ ਵਾਲੀ ਗੱਲ ਨਹੀਂ?
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
(2)
15 ਅਪਰੈਲ ਦਾ ਸੰਪਾਦਕੀ ‘ਬੰਗਾਲ ਚੋਣਾਂ ਤੇ ਚੋਣ ਕਮਿਸ਼ਨ’ ਦਰਸਾਉਂਦਾ ਹੈ ਕਿ ਬੰਗਾਲ ਚੋਣਾਂ ਦੌਰਾਨ ਕਮਿਸ਼ਨ ਕੁਝ ਫ਼ੈਸਲਿਆਂ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਂਦਾ ਹੈ। ਕਈ ਵਾਰ ਕਮਿਸ਼ਨ ਦੇ ਫ਼ੈਸਲਿਆਂ ਤੋਂ ਇੰਜ ਲੱਗਣ ਲੱਗ ਪੈਂਦਾ ਹੈ ਕਿ ਕਮਿਸ਼ਨ ਆਪਣੇ ਆਕਾ, ਕੇਂਦਰੀ ਸਰਕਾਰ ਦੇ ਹੱਕਾਂ ਦੀ ਰਾਖੀ ਕਰ ਰਿਹਾ ਹੈ ਪਰ ਕਮਿਸ਼ਨ ਦੇ ਰੋਲ ’ਤੇ ਟਿੱਪਣੀ ਕਰਦੇ ਸਮੇਂ ਅਸੀਂ ਭੁੱਲ ਜਾਂਦੇ ਹਾਂ ਕਿ ਚੋਣ ਕਮਿਸ਼ਨ ਅਜਿਹੀ ਸੰਵਿਧਾਨਿਕ ਸੰਸਥਾ ਹੈ ਜਿਸ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੀ ਸਿਫ਼ਾਰਸ਼ ’ਤੇ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ, ਇਸ ਲਈ ਉਹ ਆਪਣੇ ਆਕਾ ਨੂੰ ਨੁਕਸਾਨ ਪਹੁੰਚਾਉਣ ਦੀ ਜੁਰਅਤ ਨਹੀਂ ਕਰ ਸਕਦਾ।
ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ
ਰਿਸ਼ਤਿਆਂ ਦੀ ਸਾਂਝ
15 ਅਪਰੈਲ ਦੇ ਮਿਡਲ ‘ਹੰਝੂਆਂ ਦੀ ਸਾਂਝ’ ਵਿਚ ਦਰਸ਼ਨ ਸਿੰਘ 50-60 ਸਾਲ ਪਹਿਲਾਂ ਲੋਕਾਂ ਵਿਚ ਬਿਨਾਂ ਕਿਸੇ ਭੇਦ ਭਾਵ ਦੇ ਇਮਾਨਦਾਰੀ ਨਾਲ ਰਿਸ਼ਤੇ ਨਿਭਾਉਣ ਦਾ ਵਰਣਨ ਕਰਦੇ ਹਨ। ਪੁਰਾਣੇ ਬੰਦਿਆਂ ਵਿਚ ਉਹ ਭਾਵਨਾ ਅਜੇ ਵੀ ਹੈ ਪਰ ਅੱਜਕੱਲ੍ਹ ਦੇ ਕਾਫ਼ੀ ਲੋਕਾਂ ’ਚ ਰਿਸ਼ਤਿਆਂ ’ਚ ਪਹਿਲਾਂ ਵਰਗੀ ਇਮਾਨਦਾਰੀ, ਤਿਆਗ, ਸਚਾਈ ਦੇਖਣ ਨੂੰ ਨਹੀਂ ਮਿਲਦੀ।
ਪ੍ਰੋਫ਼ੈਸਰ ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
(2)
ਦਰਸ਼ਨ ਸਿੰਘ ਦੀ ਰਚਨਾ ‘ਹੰਝੂਆਂ ਦੀ ਸਾਂਝ’ ਪੜ੍ਹੀ। ਦਿਲ ਨੂੰ ਛੂਹ ਗਈ। ਬਿਲਕੁਲ ਸਹੀ ਹੈ ਕਿ ਕਈ ਰਿਸ਼ਤੇ ਆਪਣੇ ਖੂਨ ਦੇ ਰਿਸ਼ਤਿਆਂ ਨਾਲੋਂ ਵੀ ਵੱਧ ਹੁੰਦੇ ਹਨ।
ਗੁਰਮੀਤ ਸਿੰਘ, ਵੇਰਕਾ
(3)
ਦਰਸ਼ਨ ਸਿੰਘ ਦਾ ਮਿਡਲ ‘ਹੰਝੂਆਂ ਦੀ ਸਾਂਝ’ ਰਿਸ਼ਤਿਆਂ ਦੀ ਸਾਂਝ ਨੂੰ ਬਿਆਨ ਕਰਦਾ ਹੈ ਕਿ ਕਿਵੇਂ ਸੱਚੇ ਤੇ ਸੁੱਚੇ ਖੂਨ ਦੇ ਰਿਸ਼ਤਿਆਂ ਵਿਚ ਆਪਸੀ ਕੁਦਰਤੀ ਸਾਂਝ ਹੁੰਦੀ ਹੈ| ਅਸੀਂ ਭਾਵੇਂ ਵਿਦੇਸ਼ਾਂ ਵਿਚ ਬੈਠੇ ਹੋਈਏ ਪਰ ਦੁੱਖ ਤਕਲੀਫ਼ ਆਉਣ ’ਤੇ ਅੰਦਰੋਂ ਹੰਝੂ ਆਪ ਮੁਹਾਰੇ ਨਿਕਲ ਪੈਂਦੇ ਹਨ| ਇਸ ਦੇ ਨਾਲ ਹੀ ਜਵਾਂ ਤਰੰਗ ਪੰਨੇ ਤੇ ਗੁਰਦੀਪ ਸਿੰਘ ਭੁੱਲਰ ਦਾ ਲੇਖ ‘ਅੰਧਵਿਸ਼ਵਾਸ: ਅਗਿਆਨਤਾ ਦਾ ਸਿੱਟਾ’ ਵੀ ਸਿੱਖਿਆ ਦੇਣ ਵਾਲਾ ਹੈ| ਤਰਕਸ਼ੀਲ ਸੰਸਥਾਵਾਂ ਨੂੰ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇਨ੍ਹਾਂ ਅੰਧਵਿਸ਼ਵਾਸਾਂ ਤੋਂ ਜਾਗਰੂਕ ਕਰਨਾ ਚਾਹੀਦਾ ਹੈ|
ਪ੍ਰੋ. ਗੁਲਸ਼ਾਨਾ ਮਲਿਕ, ਮਾਲੇਰਕੋਟਲਾ
(4)
ਦਰਸ਼ਨ ਸਿੰਘ ਦਾ ਮਿਡਲ ‘ਹੰਝੂਆਂ ਦੀ ਸਾਂਝ’ ਸਿੱਖਿਆ ਦੇਣ ਵਾਲਾ ਸੀ। ਘਰ ਪਰਿਵਾਰ ਅਤੇ ਸਮਾਜਿਕ ਰਿਸ਼ਤਿਆਂ ਵਿਚ ਮਜ਼ਬੂਤੀ ਸਾਡੀਆਂ ਅੱਖਾਂ ਵਿਚੋਂ ਵਗਦੇ ਅੱਥਰੂ ਦੱਸਦੇ ਹਨ।
ਅਨਿਲ ਕੌਸ਼ਿਕ, ਪਿੰਡ ਕਿਊੜਕ (ਕੈਥਲ, ਹਰਿਆਣਾ)
ਡਾ. ਅੰਬੇਡਕਰ ਅਤੇ ਜ਼ਮੀਨੀ ਸੁਧਾਰ
14 ਅਪਰੈਲ ਦੇ ਨਜ਼ਰੀਆ ਪੰਨੇ ਤੇ ਡਾ. ਅੰਬੇਡਕਰ ਦੇ ਸੰਘਰਸ਼ ਅਤੇ ਜ਼ਮੀਨੀ ਸੁਧਾਰਾਂ ਬਾਰੇ (ਪ੍ਰੋ. ਜਗਮੋਹਨ ਸਿੰਘ, ਜ਼ਮੀਨੀ ਸੁਧਾਰ, ਖੇਤੀ ਖੇਤਰ ਅਤੇ ਡਾ. ਅੰਬੇਡਕਰ) ਪੜ੍ਹ ਕੇ ਵਡਮੁੱਲੀ ਜਾਣਕਾਰੀ ਮਿਲੀ। ‘ਜਦੋਂ ਸਾਇਕਲ ਖੰਭ ਲਾ ਕੇ ਉਡਿਆ’ ਮਿਡਲ (ਲੇਖਕ ਸੁਖਦੇਵ ਸਿੰਘ ਸੰਤੇ ਮਾਜਰਾ) ਵੀ ਦਿਲਚਸਪ ਸੀ ਪਰ ਸੰਪਾਦਕੀ ਨੋਟ ‘ਤਰਕ, ਨਿਸ਼ਠਾ ਤੇ ਰਿਆਸਤ’ ਚਿੰਤਾ ਦਾ ਵਿਸ਼ਾ ਹੈ। ਇਉਂ ਲਗਦਾ ਹੈ ਕਿ ਸਾਡੀਆਂ ਸਰਕਾਰਾਂ ਰਾਜ ਧਰਮ ਨਿਭਾਉਣ ਵਿਚ ਫੇਲ੍ਹ ਹੋ ਚੁੱਕੀਆਂ ਹਨ ਤੇ ਦੇਸ਼ ਦੀ ਧਰਮ ਨਿਰਪੱਖਤਾ ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੀਆਂ ਰੈਲੀਆਂ ਤੇ ਬਹੁ-ਗਿਣਤੀ ਦੇ ਧਾਰਮਿਕ ਸਮਾਗਮਾਂ ਵਿਚ ਕਰੋਨਾ ਵਾਇਰਸ ਦਾ ਕੋਈ ਖ਼ਤਰਾ ਨਹੀਂ ਪਰ ਘੱਟ ਗਿਣਤੀਆਂ ਦੇ ਇਕੱਠਾਂ ਵਿਚ ਮਹਾਮਾਰੀ ਦੇ ਫੈਲਣ ਦੀ ਦੁਹਾਈ ਪਾ ਕੇ ਕੋਰਟ ਤੋਂ ਪਾਬੰਦੀਆਂ ਲਗਾਉਣ ਲਈ ਪਟੀਸ਼ਨਾਂ ਪਾਈਆਂ ਜਾਂਦੀਆਂ ਹਨ ਤੇ ਉਹ ਵੀ ਕੇਂਦਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ; ਕੀ ਇਹ ਕਾਰਵਾਈ ਦੇਸ਼ ਦੀ ਧਰਮ ਨਿਰਪੱਖਤਾ ਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਨਹੀਂ ਕਰਦੀ? ਇਸ ਤੋਂ ਪਹਿਲਾਂ 8 ਅਪਰੈਲ ਦਾ ਸੰਪਾਦਕੀ ‘ਕਾਨੂੰਨਾਂ ਦੀ ਗ਼ਲਤ ਵਰਤੋਂ’ ਦੇਸ਼ ਦੀ ਕਾਨੂੰਨ ਵਿਵਸਥਾ ਦਾ ਵਿਸ਼ਲੇਸ਼ਣ ਕਰਦਾ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤ ਪੁਰਾ (ਬਠਿੰਡਾ)