ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਫਰਵਰੀ
ਦਿੱਲੀ ਦੀ ਸਿੰਘੂ ਹੱਦ ‘ਤੇ ਕਿਸਾਨ ਅੰਦੋਲਨ ਦੌਰਾਨ ਮਜ਼ਦੂਰ ਆਗੂ ਨੌਦੀਪ ਕੌਰ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ‘ਯੂਥ ਫਾਰ ਸਵਰਾਜ’ ਵੱਲੋਂ ਦਸਤਖਤ ਮੁਹਿੰਮ ਵਿੱਢੀ ਗਈ ਹੈ। ਯੂਥ ਫਾਰ ਸਵਰਾਜ ਨੇ ਮੁਹਿੰਮ ਤਹਿਤ ਨੌਦੀਪ ’ਤੇ ਹੋ ਰਹੇ ਸ਼ੋਸ਼ਣ ਅਤੇ ਹਿੰਸਾ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਇਨਸਾਫ਼ ਪਸੰਦ ਲੋਕਾਂ ਨੇ ਵੱਡੀ ਗਿਣਤੀ ਵਿੱਚ ਦਸਤਖਤ ਕਰ ਨੌਦੀਪ ਦੀ ਤੁਰੰਤ ਰਿਹਾਈ ਦੀ ਮੰਗ ਲਈ ਆਪਣਾ ਸਮਰਥਨ ਜ਼ਾਹਰ ਕੀਤਾ। ਯੂਥ ਫਾਰ ਸਵਰਾਜ ਦੇ ਕਾਰਕੁਨ ਲਵਪ੍ਰੀਤ ਸਿੰਘ ਤੇ ਅਮਨਦੀਪ ਕੌਰ ਨੇ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜਦਿਆਂ ਨੌਦੀਪ ਕੌਰ ਦੀ ਗ੍ਰਿਫਤਾਰੀ ਤੇ ਉਸ ਤੋਂ ਬਾਅਦ ਹੋਈ ਹਿੰਸਾ ਅਤੇ ਸ਼ੋਸ਼ਣ ਇਕ ਸ਼ਰਮਨਾਕ ਅਤੇ ਨਿੰਦਣਯੋਗ ਘਟਨਾ ਹੈ। ਇਸ ਤੋਂ ਇਲਾਵਾ ਇਹ ਅਣਮਨੁੱਖੀ ਹਰਕਤ ਵੀ ਹੈ। ਇਸ ਕਿਸਮ ਦੀ ਘਟਨਾ ਤੇ ਸ਼ੋਸ਼ਣ ਹਰਿਆਣਾ ਸਰਕਾਰ ਦੇ ਡਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਅੰਦੋਲਨ ਦੀ ਏਕਤਾ ਕਾਰਨ ਡਰੀ ਹੋਈ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਸੰਘਰਸ਼ਸ਼ੀਲ ਨੌਜਵਾਨਾਂ ਦੇ ਸਾਹਮਣੇ ਜਨਤਕ ਅਧਿਕਾਰਾਂ ਅਤੇ ਨਿਆਂ ਲਈ ਡਰ ਪੈਦਾ ਕਰਨ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ ਪਰ ਉਹ ਇਸ ਯਤਨ ਵਿੱਚ ਕਦੇ ਵੀ ਸਫਲ ਨਹੀਂ ਹੋ ਸਕਦੀ, ਕਿਉਂਕਿ ਭਾਰਤ ਦੇ ਸਾਰੇ ਜਾਗਰੂਕ ਤੇ ਜ਼ਿੰਮੇਵਾਰ ਨਾਗਰਿਕ ਇਨ੍ਹਾਂ ਨੀਤੀਆਂ ਤੋਂ ਜਾਣੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਨਾਲ ਯੂਥ ਫਾਰ ਸਵਰਾਜ ਹਰਿਆਣਾ ਸਰਕਾਰ ਤੋਂ ਮੰਗ ਕਰਦਾ ਹੈ ਕਿ ਨੌਦੀਪ ਕੌਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਉਸ ’ਤੇ ਕੈਦ ਦੌਰਾਨ ਹੋਏ ਜ਼ੁਲਮਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਸ ਮੁਹਿੰਮ ਵਿੱਚ ਸਵਰਾਜ ਯੂਥ ਦੀ ਤਰਫੋਂ ਰਾਜੇਸ਼ ਰੰਜਨ, ਸੁਖਦੀਪ ਕੌਰ ਅਰੇਨਾ, ਮਨਪ੍ਰੀਤ ਸਿੰਘ ਲਖ, ਵਿਵੇਕ ਕੁਮਾਰ ਆਦਿ ਹਾਜ਼ਰ ਸਨ।