ਸੰਭਲ(ਯੂਪੀ), 12 ਫਰਵਰੀ
ਬੀਕੇਯੂ ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਵੱਲੋਂ ਆਪਣਾ ‘ਅੜੀਅਲ’ ਰਵੱਈਆ ਛੱਡਣ ਨਾਲ ਹੀ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਬਣੀ ਖੜੋਤ ਦਾ ਹੱਲ ਨਿਕਲ ਸਕਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਮਾਣ ਸਤਿਕਾਰ ਨਾਲ ਨਾ ਖੇਡੇ। ਭਵਿੱਖੀ ਰਣਨੀਤੀ ਬਾਰੇ ਪੁੱਛੇ ਜਾਣ ’ਤੇ ਕਿਸਾਨ ਆਗੂ ਨੇ ਕਿਹਾ, ‘ਇਹ ਸਭ ਸਰਕਾਰ ’ਤੇ ਨਿਰਭਰ ਕਰਦਾ ਹੈ। ਜੇਕਰ ਉਹ ਆਪਣਾ ਅੜੀਅਲ ਵਤੀਰਾ ਛੱਡ ਕੇ ਤੇ ਕਿਸਾਨਾਂ ਦੇ ਮਾਣ ਸਨਮਾਨ ਨਾਲ ਖੇਡਣਾ ਬੰਦ ਕਰ ਦਿੰਦੀ ਹੈ ਤਾਂ ਇਸ ਮਸਲੇ ਨੂੰ ਸੁਲਝਾਇਆ ਜਾ ਸਕਦਾ ਹੈ।’ ਕਿਸਾਨ ਅੰਦੋਲਨ ਨੂੰ ਬਾਹਰਲੇ ਮੁਲਕਾਂ ਤੋਂ ਮਿਲ ਰਹੀ ਹਮਾਇਤ ਬਾਰੇ ਪੁੱਛੇ ਜਾਣ ’ਤੇ ਟਿਕੈਤ ਨੇ ਕਿਹਾ ਕਿ ਉਨ੍ਹਾਂ ਦਾ ਇਸ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਮੁਰਾਦਾਬਾਦ ਦੇ ਬਿਲਾਰੀ ਜਾਂਦਿਆਂ ਟਿਕੈਤ ਨੇ ਕਿਹਾ, ‘ਜੋ ਕੁਝ ਹੋ ਰਿਹੈ, ਉਹ ਵਿਦੇਸ਼ੀ ਮੁਲਕਾਂ ਤੱਕ ਜਾਂਦਾ ਹੈ। ਸਰਕਾਰ ਦੀ ਦਿੱਖ ਹੀ ਖਰਾਬ ਹੋ ਰਹੀ ਹੈ। ਤੁਸੀਂ (ਸਰਕਾਰ) ਅਜਿਹੇ ਹਾਲਾਤ ਕਿਉਂ ਬਣਨ ਦਿੰਦੇ ਹੋ।’ ਟਿਕੈਤ ਨੇ ਕਿਸਾਨਾਂ ਨੂੰ ਸੁਨੇਹਾ ਦਿੱਤਾ ਕਿ ‘ਅਮਨ ਤੇ ਸ਼ਾਂਤੀ ਹੀ ਸਾਡਾ ਹਥਿਆਰ ਹੈ ਤੇ ਇਸ ਨੂੰ ਧਾਰਨ ਕੀਤਾ ਜਾਵੇ।’ -ਪੀਟੀਆਈ