ਲਖਨਊ, 8 ਮਈ
ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਥਿਤ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੀਆਂ ‘ਨੁਕਸਦਾਰ ਆਰਥਿਕ ਨੀਤੀਆਂ’ ਕਾਰਨ ਦੇਸ਼ ਵਿੱਚ ਪ੍ਰਤੀ ਵਿਅਕਤੀ ਆਮਦਨ ਘਟੀ ਤੇ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਰਸੋਈ ਗੈਸ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਵੀ ਕੇਂਦਰ ’ਤੇ ਵਰ੍ਹਦਿਆਂ ’ਤੇ ਕਿਹਾ ਕਿ ਇਸ ਨਾਲ ਆਰਥਿਕਤਾ ’ਤੇ ਗੰਭੀਰ ਅਸਰ ਪਿਆ ਹੈ। ਦੱਸਣਯੋਗ ਹੈ ਕਿ ਸ਼ਨਿਚਰਵਾਰ ਨੂੰ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਪ੍ਰਤੀ ਸਿਲੰਡਰ ਵਾਧਾ ਕੀਤਾ ਗਿਆ ਹੈ। ਅਖਿਲੇਸ਼ ਯਾਦਵ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਹਿੰਗਾਈ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਹੈ ਤੇ ‘ਅੱਛੇ ਦਿਨਾਂ’ ਦੇ ਸੁਫਨੇ ਦਿਖਾਉਣ ਵਾਲੀ ਭਾਜਪਾ ਦੇ ਰਾਜ ’ਚ ਆਮ ਆਦਮੀ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੈਟਰੋਲ, ਡੀਜ਼ਲ, ਸੀਐੱਨਜੀ ਦੇ ਭਾਅ ਵਧੇ ਅਤੇ ਹੁਣ ਦਵਾਈਆਂ, ਖਾਣ ਦੀ ਵਸਤੂਆਂ ਤੇ ਆਵਾਜਾਈ ਆਦਿ ਮਹਿੰਗੇ ਹੋ ਗਏ ਹਨ। -ਪੀਟੀਆਈ