ਬਹਾਦਰਜੀਤ ਸਿੰਘ
ਰੂਪਨਗਰ, 11 ਮਈ
ਰੂਪਨਗਰ ਵਿੱਚ ਕਥਿਤ ਤੌਰ ’ਤੇ ਇੱਕ ਵੈਟਰਨਰੀ ਹਸਪਤਾਲ ਦੇ ਬੰਦ ਗੇਟ ਨੂੰ ਟੱਪਣ ਸਮੇਂ ਹੋਏ ਜਣੇਪੇ ਦੌਰਾਨ ਗਰਭਵਤੀ ਔਰਤ ਦੇ ਜੁੜਵਾਂ ਬੱਚਿਆਂ ਵਿੱਚੋਂ ਇੱਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਰਕਾਰੀ ਵੈਟਰਨਰੀ ਹਸਪਤਾਲ ਕੰਪਲੈਕਸ ਨੂੰ ਸਰਕਾਰੀ ਜ਼ਮੀਨ ’ਤੇ ਬਣੀ ਇੱਕ ਬਸਤੀ ਦੇ ਲੋਕ ਆਉਣ ਜਾਣ ਲਈ ਅਸਥਾਈ ਰਸਤੇ ਦੇ ਤੌਰ ’ਤੇ ਵਰਤੋਂ ਵਿੱਚ ਲਿਆਉਂਦੇ ਹਨ। ਉਧਰ ਸਬੰਧਤ ਵਿਭਾਗ ਦਾ ਕਹਿਣਾ ਹੈ ਕਿ ਬਸਤੀ ਦੇ ਲੋਕਾਂ ਕੋਲ ਦੂਸਰਾ ਰਸਤਾ ਵੀ ਹੈ ਪਰ ਉਹ ਵਰਤੋਂ ਨਹੀਂ ਕਰਦੇ। ਬਸਤੀ ਵਾਸੀ ਮਹਿਲਾ ਲਾਡੀ ਨੇ ਦੱਸਿਆ ਐਤਵਾਰ ਨੂੰ ਉਸ ਦੇੇ ਬੇਟੇ ਸੁਖਦੇਵ ਦੀ ਗਰਭਵਤੀ ਪਤਨੀ ਸੁਨੀਤਾ ਦੀ ਅਚਾਨਕ ਸਿਹਤ ਵਿਗੜ ਗਈ। ਜਦੋਂ ਉਹ ਉਸ ਨੂੰ ਹਸਪਤਾਲ ਲਿਜਾਣ ਲੱਗੇ ਤਾਂ ਵੈਟਰਨਰੀ ਹਸਪਤਾਲ ਦਾ ਗੇਟ ਬੰਦ ਸੀ। ਗੇਟ ਦੇੇ ਉੱਪਰ ਤੋਂ ਹੀ ਟਪਾ ਕੇ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਸੁਨੀਤਾ ਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ ਅਤੇ ਸੁਨੀਤਾ ਨੇ ਇੱਕ ਤੋਂ ਬਾਅਦ ਇਕ ਦੋ ਲੜਕਿਆਂ ਨੂੰ ਜਨਮ ਦਿੱਤਾ। ਸਿਹਤ ਸਹੂਲਤ ਨਾ ਮਿਲਣ ਕਾਰਨ ਇੱਕ ਲੜਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਡ ਦੀ ਕੌਂਸਲਰ ਕੁਲਵਿੰਦਰ ਕੌਰ ਅਤੇ ਕੌਂਸਲਰ ਅਮਰਜੀਤ ਸਿੰਘ ਜੌਲੀ ਸਮੇਤ ਨਵੀਨ ਦਰਦੀ ਨੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਕੌਂਸਲਰ ਕੁਲਵਿੰਦਰ ਕੌਰ ਨੇ ਕਿਹਾ ਕਿ ਉਹ ਵੈਟਰਨਰੀ ਹਸਪਤਾਲ ਵਿੱਚੋਂ ਰਸਤੇ ਨੂੰ ਲੈ ਕੇ ਡੇਢ ਮਹੀਨੇ ਪਹਿਲਾਂ ਵੀ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮਿਲੇ ਸਨ ਅਤੇ ਲੋਕਾਂ ਦੀ ਸਮੱਸਿਆ ਦੱਸੀ ਸੀ। ਰੂਪਨਗਰ ਪਸ਼ੂ ਪਾਲਣ ਵਿਭਾਗ ਕੇ ਡਿਪਟੀ ਡਾਇਰੈਕਟਰ ਡਾ.ਰਣਬੀਰ ਕੁਮਾਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੇ ਧਿਆਨ ਵਿੱਚ ਮਾਮਲਾ ਆ ਚੁੱਕਾ ਹੈ ਅਤੇ ਉਨ੍ਹਾਂ ਦੀ ਹਦਾਇਤ ਹੈ ਕਿ ਵੈਟਰਨਰੀ ਵਿਭਾਗ ਦੇੇ ਅਧਿਕਾਰੀ ਨਗਰ ਕੌਂਸਲ ਦੇੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਮਾਮਲੇ ਦਾ ਹੱਲ ਕੱਢਣ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਹਾਦਸਾ ਨਾ ਵਾਪਰ ਸਕੇ।