ਪੱਤਰ ਪ੍ਰੇਰਕ
ਪਟਿਆਲਾ, 9 ਅਪਰੈਲ
ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਪਟਿਆਲਾ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਡਮੁੱਲੇ ਯੋਗਦਾਨ ਦੀ ਬਦੌਲਤ ਨਟਰਾਜ ਆਰਟਸ ਥੀਏਟਰ ਪਟਿਆਲਾ ਵੱਲੋਂ ਉੱਘੇ ਰੰਗ ਕਰਮੀਂ, ਨਾਟਕ ਨਿਰਦੇਸ਼ਕ ਗੋਪਾਲ ਸ਼ਰਮਾ ਦੀ ਪ੍ਰੋਗਰਾਮ ਡਾਇਰੈਕਸ਼ਨ ਹੇਠ 109ਵੇਂ ਅੰਤਰ ਰਾਸ਼ਟਰੀ ਪੰਜਾਬੀ ਰੰਗਮੰਚ ਦਿਵਸ ਦੇ ਜਸ਼ਨਾਂ ਦੇ ਸਬੰਧ ਵਿੱਚ ਸਮਾਜਿਕ ਬੁਰਾਈਆਂ ਤੇ ਵਿਅੰਗ ਕੱਸਦੇ ਅਤੇ ਲੋਕਾਂ ਨੂੰ ਰੰਗਮੰਚ ਦੀਆਂ ਵਿਧਾਵਾਂ ਰਾਹੀਂ ਜਾਗਰੂਕ ਕਰਨ ਦੇ ਉਦੇਸ਼ ਨਾਲ ‘ਨੁੱਕੜ ਨਾਟਕਾਂ’ ਦਾ ਸਫਲ ਮੰਚਨ ਕੀਤਾ ਗਿਆ। ਇਹ ਨਾਟਕ 6 ਅਪਰੈਲ ਤੋਂ 10 ਅਪਰੈਲ ਤੱਕ ਚੱਲਣੇ ਹਨ। ਗੋਪਾਲ ਸ਼ਰਮਾ ਦੁਆਰਾ ਨਿਰਦੇਸ਼ਤ ਇਨ੍ਹਾਂ ਨੁੱਕੜ ਨਾਟਕਾਂ ਨੇ ਦਰਸ਼ਕਾਂ ਵਿੱਚ ਖ਼ੂਬ ਧੂਮਾਂ ਮਚਾਈਆਂ ਜਿਸ ਦੀ ਦਰਸ਼ਕਾਂ ਨੇ ਭਰਵੀਂ ਸ਼ਲਾਘਾ ਕੀਤੀ। ਪੰਜ ਦਿਨਾ ਇਸ ਨੁੱਕੜ ਨਾਟਕ ਦੀ ਮੁਹਿੰਮ ਅਧੀਨ ਇਸ ਦਾ ਉਦਘਾਟਨ ਸਮਾਗਮ ਸਰਕਾਰੀ ਕੰਨ੍ਹਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨਿਊ ਪਾਵਰ ਹਾਊਸ ਕਾਲੋਨੀ, ਪਟਿਆਲਾ ਵਿਖੇ ਕੀਤਾ ਗਿਆ। ਜਿਸ ਵਿੱਚ ‘ਹੁਣ ਤਾਂ ਸੁਧਰੋ ਯਾਰੋ’ ਅਤੇ ‘ਗਿਰਗਿਟ’ ਨਾਟਕਾਂ ਦੇ ਸਫਲ ਮੰਚਨ ਕੀਤੇ ਗਏ ਜਿਸ ਦਾ ਉਦਘਾਟਨ ਪਹਿਲੇ ਦਿਨ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ, ਸਮਾਜ ਸੇਵੀ ਅਤੇ ਥੀਏਟਰ ਪ੍ਰਸੰਸਕ ਸੁਖਵਿੰਦਰ ਕੁਮਾਰ ਖੋਸਲਾ ਵੱਲੋਂ ਕੀਤਾ ਗਿਆ। ਉਨ੍ਹਾਂ ਇਸ ਮੌਕੇ ਬੋਲਦਿਆਂ ਨੌਰਾ ਰਿਚਰਡ ਅਤੇ ਪ੍ਰੋ. ਆਈ.ਸੀ. ਨੰਦਾ ਦੇ ਪੰਜਾਬੀ ਰੰਗਮੰਚ ਵਿੱਚ ਦਿੱਤੇ ਗਏ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਰੰਗਮੰਚ ਦੀਆਂ ਗਤੀਵਿਧੀਆਂ ਨਾਲ ਜੁੜਨ ਲਈ ਵੀ ਪ੍ਰੇਰਿਆ। ਨਾਟਕ ਵਿਚਲੇ ਪਾਤਰਾਂ ਨੂੰ ਗੋਪਾਲ ਸ਼ਰਮਾ ਸਮੇਤ ਜਸਵਿੰਦਰ ਜੱਸੀ, ਸੁਨੀਲ ਕੁਮਾਰ ਅਤੇ ਨਵਦੀਪ ਸਿੰਘ ਨੇ ਬਾਖ਼ੂਬੀ ਨਿਭਾਇਆ।