ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸਮਾਣਾ/ਦੇਵੀਗੜ੍ਹ, 9 ਅਪਰੈਲ
ਪਿਛਲੇ ਸਮੇਂ ਪਏ ਬੇਮੌਸਮੀ ਮੀਂਹ ਤੇ ਹੁਣ ਪੈ ਰਹੀ ਤੇਜ਼ ਗਰਮੀ ਕਾਰਨ ਭਾਵੇਂ ਕਣਕ ਦੀ ਫਸਲ ਬਿਨਾਂ ਕਿਸੇ ਬਿਮਾਰੀ ਤੋਂ ਇਕਦਮ ਪੱਕ ਕੇ ਤਿਆਰ ਹੋ ਗਈ ਹੈ। ਕਿਸਾਨਾਂ ਨੇ ਵੀ ਅਗੇਤੀ ਫ਼ਸਲ ਦੀ ਵਾਢੀ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਕਣਕ ਦੇ ਘੱਟ ਝਾੜ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਉਦਾਸੀ ਛਾ ਗਈ ਹੈ।
ਅਨਾਜ ਮੰਡੀ ਵਿਚ ਕਣਕ ਦੀ ਫਸਲ ਵੇਚਣ ਆਏ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਤਰਲੋਕ ਸਿੰਘ ਬਿਸ਼ਨਪੁਰਾ, ਮਨਜੀਤ ਸਿੰਘ ਰਾਜਲਾ, ਸੁੱਖਾ ਸਿੰਘ ਸੱਸਾਂ, ਹਰਵਿੰਦਰ ਸਿੰਘ ਸਮਾਣਾ, ਗੁਰਬਖਸ਼ ਸਿੰਘ ਧਨੇਠਾ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਣਕ ਦੀ ਫਸਲ ਦੀ ਆਪਣੇ ਖੇਤਾਂ ਵਿੱਚ ਬਿਜਾਈ ਕੀਤੀ ਸੀ ਜਿਸ ਵਿਚ ਸਮੇਂ ਸਿਰ ਖਾਦ, ਕੀੜੇਮਾਰ ਦਵਾਈ ਅਤੇ ਪਾਣੀ ਵੀ ਜ਼ਰੂਰਤ ਅਨੁਸਾਰ ਦਿੱਤਾ ਗਿਆ। ਕਣਕ ਦੀ ਫਸਲ ਨੂੰ ਕੋਈ ਬਿਮਾਰੀ ਵੀ ਨਹੀਂ ਲੱਗੀ। ਦੇਖਣ ਨੂੰ ਵੀ ਵਧੀਆ ਝਾੜ ਨਿਕਲਣ ਦੀ ਉਮੀਦ ਸੀ, ਪਰ ਜਦੋਂ ਉਨ੍ਹਾਂ ਨੇ ਅਨਾਜ ਮੰਡੀ ਵਿੱਚ ਲਿਆ ਕੇ ਵੇਚਣ ਤੋਂ ਬਾਅਦ ਤੁਲਾਈ ਤਾਂ ਝਾੜ ਕਰੀਬ 29 ਮਨ ਫੀ ਕਿੱਲਾ ਹੀ ਨਿਕਲਿਆ ਜਦੋਂ ਕਿ ਪਿਛਲੇ ਸਾਲ ਖੇਤ ਵਿਚੋਂ ਨਿਕਲਿਆ ਕਣਕ ਦਾ ਝਾੜ 40 ਮਨ ਤੋਂ 45 ਮਨ ਏਕੜ ਦੇ ਮੁਕਾਬਲੇ 30 ਫ਼ੀਸਦੀ ਘੱਟ ਹੈ।
ਇਸ ਸਬੰਧੀ ਖੇਤੀਬਾੜੀ ਅਫ਼ਸਰ ਕੁਲਦੀਪ ਇੰਦਰ ਸਿੰਘ ਢਿੱਲੋਂ ਨਾਲ ਗੱਲ ਕਰਨ ’ਤੇ ਉਨ੍ਹਾਂ ਇਸ ਸਾਲ ਕਣਕ ਦੀ ਫ਼ਸਲ ਦਾ ਪਿਛਲੇ ਸਾਲ ਦੇ ਮੁਕਾਬਲੇ 25 ਫੀਸਦੀ ਘੱਟ ਝਾੜ ਨਿਕਲਣ ਦਾ ਕਾਰਨ ਮੌਸਮ ’ਚ ਹੋ ਰਹੀ ਤਬਦੀਲੀ ਨੂੰ ਦੱਸਦਿਆਂ ਕਿਹਾ ਕਿ ਇਸ ਵਾਰ ਕਣਕ ਦੀ ਬਿਜਾਈ ਸਮੇਂ ਬੇਮੌਸਮੇ ਮੀਂਹ ਪੈਣ ਨਾਲ ਕਣਕ ਦੀ ਫ਼ਸਲ ਦੀਆਂ ਜੜ੍ਹਾਂ ਮਜ਼ਬੂਤ ਨਹੀਂ ਹੋ ਸਕਿਆ ਤੇ ਹੁਣ ਪੱਕਣ ਸਮੇਂ ਜਦੋਂ ਬੱਲੀ ਵਿਚ ਦਾਣਾ ਬਣ ਰਿਹਾ ਸੀ ਤਾਂ ਗਰਮੀ ਨੇ ਦਾਣੇ ਨੂੰ ਵਧਣ ਫੁੱਲਣ ਦੀ ਬਜਾਏ ਮਾਂਜੂ ਬਣਾ ਦਿੱਤਾ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਕਣਕ ਬੀਜਦਿਆਂ ਹੀ ਮੌਸਮ ਖਰਾਬ ਹੋਣ ਕਾਰਨ ਫਸਲ ਦੱਬ ਗਈ ਜਿਸ ਕਾਰਨ ਭਰਵੀਂ ਫਸਲ ਨਹੀਂ ਹੋਈ। ਇਸ ਲਈ ਕਿਸਾਨਾਂ ਨੇ ਵੱਧ ਤੋਂ ਵੱਧ ਪੋਟਾਸ਼, ਯੂਰੀਆ ਆਦਿ ਖਾਦਾਂ ਪਾਈਆਂ ਅਤੇ ਘਾਹ ਫੂਸ ਖਤਮ ਕਰਨ ਲਈ ਕੀੜੇ ਮਾਰ ਦਵਾਈਆਂ ਵੀ ਪਾਈਆਂ ਪਰ ਫਿਰ ਵੀ ਇਸ ਵਾਰ ਗੁੱਲੀ ਡੰਡਾ ਖਤਮ ਨਹੀਂ ਹੋਇਆ ਜਿਸ ਨੇ ਕਣਕ ਦੀ ਫਸਲ ਦੇ ਪੱਲ੍ਹੇ ਕੁਝ ਨਹੀਂ ਛੱਡਿਆ। ਪਿੰਡ ਬਿੰਜਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ 3 ਕਿੱਲਿਆਂ ਚੋਂ ਸਿਰਫ 35 ਕੁਇੰਟਲ ਹੀ ਕਣਕ ਨਿਕਲੀ ਹੈ ਜੋ ਕਿ ਪਹਿਲਾਂ 21-22 ਕੁਇੰਟਲ ਪ੍ਰਤੀ ਕਿੱਲਾ ਨਿਕਲਦੀ ਸੀ। ਇਸੇ ਤਰ੍ਹਾਂ ਪਿੰਡ ਪਰੌੜ ਦੇ ਗੁਰਚਰਨ ਸਿੰਘ ਦੱਸਿਆ ਕਿ ਇਸ ਵਾਰ ਸਿਰਫ 17 ਕੁਇੰਟਲ ਹੀ ਕਣਕ ਨਿਕਲੀ ਜਦੋਂ ਕਿ ਉਸ ਨੇ ਜ਼ਿਆਦਾ ਖਾਦ, ਦਵਾਈਆਂ ਪਾਈਆਂ ਸਨ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਤੀ ਏਕੜ 20 ਹਜ਼ਾਰ ਰੁਪਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।