ਕਰਨਾਟਕ, 12 ਫਰਵਰੀ
ਕਰਨਾਟਕ ਦੇ ਸਰਕਾਰੀ ਬੱਸ ਕੰਡਕਟਰ ਹਨੂਮੰਤ ਕਲੇਗਰ ਨੇ ਪੈਸਿਆਂ ਦੀ ਤੰਗੀ ਤੁਰਸ਼ੀ ਕਰਕੇ ਸੋਸ਼ਲ ਮੀਡੀਆ ’ਤੇ ਆਪਣਾ ਗੁਰਦਾ ਵੇਚਣ ਦਾ ਐਲਾਨ ਕੀਤਾ ਹੈ। ਉਸ ਨੇ ਦੋਸ਼ ਲਾਇਆ ਕਿ ਕਰੋਨਾ ਮਹਾਮਾਰੀ ਕਰਕੇ ਬੱਸਾਂ ਬੰਦ ਹੋਣ ਨਾਲ ਤਨਖਾਹਾਂ ਵਿੱਚ ਕਟੌਤੀ ਨਾਲ ਉਹਦੀ ਆਰਥਿਕ ਹਾਲਤ ਹੋਰ ਵਿਗੜ ਗਈ ਹੈ। ਕੰਡਕਟਰ ਨੇ ਇਕ ਫੇਸਬੁੱਕ ਪੋਸਟ ’ਚ ਲਿਖਿਆ, ‘ਮੇਰੇ ਕੋਲ ਘਰ ਦਾ ਕਿਰਾਇਆ ਭਰਨ ਤੇ ਰਾਸ਼ਨ ਲਿਆਉਣ ਜੋਗੇ ਵੀ ਪੈਸੇ ਨਹੀਂ ਹਨ। ਮੈਂ ਆਪਣਾ ਗੁਰਦਾ ਵੇਚਣ ਲਾਇਆ ਹੈ।’ ਹਨੂਮੰਤ ਨੇ ਕਿਹਾ ਕਿ ਉਸ ਕੋਲ ਹੁਣ ਹੋਰ ਕੋਈ ਚਾਰਾ ਨਹੀਂ ਹੈ। ਉਧਰ ਨੌਰਥ ਈਸਟ ਕਰਨਾਟਕ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਿਵੀਜ਼ਨਲ ਕਮਿਸ਼ਨਰ ਐੱਮ.ਏ. ਮੁੱਲਾ ਨੇ ਕਿਹਾ ਕਿ ਕੰਡਕਟਰ ਵੱਲੋਂ ਕੀਤੇ ਜਾ ਰਹੇ ਉਪਰੋਕਤ ਦਾਅਵੇ ਝੂਠੇ ਹਨ। ਉਨ੍ਹਾਂ ਕਿਹਾ ਕਿ ਕੰਡਕਟਰ ਨਿਯਮਤ ਕੰਮ ’ਤੇ ਨਹੀਂ ਸੀ ਆ ਰਿਹਾ, ਜਿਸ ਕਰਕੇ ਉਸ ਦੀ ਤਨਖਾਹ ’ਚ ਕਟੌਤੀ ਕੀਤੀ ਗਈ ਹੈ। -ਪੀਟੀਆਈ