ਨਵੀਂ ਦਿੱਲੀ: ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਸੰਸਦ ਵਿੱਚ ਦੱਸਿਆ ਕਿ ਸਾਲ 2020 ਵਿੱਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਦੀ ਗਿਣਤੀ ਘਟ ਕੇ 5,579 ਹੋ ਗਈ ਹੈ, ਜੋ ਪਿਛਲੇ ਵਰ੍ਹੇ 5,957 ਸੀ। ਉਨ੍ਹਾਂ ਕੌਮੀ ਅਪਰਾਧ ਰਿਕਾਰਡ ਬਿਓਰੋ (ਐੱਨਸੀਆਰਬੀ) ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਲੋਕ ਸਭਾ ਵਿੱਚ ਲਿਖਤੀ ਤੌਰ ’ਤੇ ਦੱਸਿਆ ਕਿ ਬਿਓਰੋ ਨੇ ਸਾਲ 2020 ਦੀ ਆਪਣੀ ਰਿਪੋਰਟ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਖ਼ੁਦਕੁਸ਼ੀਆਂ ਲਈ ‘ਵੱਖਰੇ ਕਾਰਨ’ ਨਹੀਂ ਦਿੱਤੇ। ਉਨ੍ਹਾਂ ਕਿਹਾ,‘ਵਿਅਕਤੀਆਂ ਵੱਲੋਂ ਖ਼ੁਦਕੁਸ਼ੀ ਕਾਰਨ ਦੇ ਕਾਰਨ (ਕਿਸਾਨਾਂ ਸਮੇਤ) ਘਰੇਲੂ ਸਮੱਸਿਆਵਾਂ, ਬਿਮਾਰੀ, ਨਸ਼ੇ, ਵਿਆਹ ਸਬੰਧੀ ਸਮੱਸਿਆਵਾਂ, ਦੀਵਾਲੀਆਪਣ ਜਾਂ ਕਰਜ਼ਾ, ਪ੍ਰੀਖਿਆ ਵਿੱਚ ਅਸਫ਼ਲਤਾ, ਬੇਰੁਜ਼ਗਾਰੀ, ਪੇਸ਼ੇਵਰ/ਕਰੀਅਰ ਸਮੱਸਿਆਵਾਂ ਤੇ ਜਾਇਦਾਦ ਸਬੰਧੀ ਝਗੜੇ ਹਨ।’ -ਪੀਟੀਆਈ