ਨਵੀਂ ਦਿੱਲੀ, 18 ਜੁਲਾਈ
ਲੋਕ ਸਭਾ ਦੇ ਪ੍ਰਧਾਨ ਓਮ ਬਿਰਲਾ ਦੀ ਪ੍ਰਧਾਨਗੀ ਹੇਠ ਅੱਜ ਹੋਈ ਸਰਬ ਪਾਰਟੀ ਮੀਟਿੰਗ ’ਚ ਕਾਂਗਰਸ ਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਸਮੇਤ ਵੱਖ ਵੱਖ ਸੰਸਦ ਮੈਂਬਰਾਂ ਨੇ ਸਥਾਨਕ ਖੇਤਰ ਵਿਕਾਸ ਯੋਜਨਾ (ਐੱਮਪੀਲੈਡ) ਫੰਡ ਬਹਾਲ ਕਰਨ ਦੀ ਮੰਗ ਕੀਤੀ। ਸੂਤਰਾਂ ਨੇ ਦੱਸਿਆ ਕਿ ਲੋਕ ਸਭਾ ਪ੍ਰਧਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਹ ਮੁੱਦਾ ਸਰਕਾਰ ਤੇ ਉਸ ਦੇ ਸਿਖਰਲੇ ਅਧਿਕਾਰੀਆਂ ਕੋਲ ਚੁੱਕਣਗੇ।
ਸੂਤਰਾਂ ਨੇ ਦੱਸਿਆ ਕਿ ਲੋਕ ਸਭਾ ’ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਟੀਐੱਮਸੀ ਆਗੂ ਸੁਦੀਪ ਬੰਦੋਪਾਧਿਆਏ, ਵਾਈਐੱਸਆਰ ਕਾਂਗਰਸ ਦੇ ਨੇਤਾ ਮਿਧੁਨ ਰੈੱਡੀ ਉਨ੍ਹਾਂ ਆਗੂਆਂ ’ਚ ਸ਼ਾਮਲ ਸਨ ਜਿਨ੍ਹਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਹਾਜ਼ਰੀ ’ਚ ਹੋਈ ਮੀਟਿੰਗ ਦੌਰਾਨ ਐੱਮਪੀਲੈਡ ਫੰਡਾਂ ਦਾ ਮੁੱਦਾ ਚੁੱਕਿਆ। ਬਿਰਲਾ ਨੇ ਮੈਂਬਰਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਲੋਕ ਹਿੱਤ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਲਈ ਪੂਰਾ ਮੌਕਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਦਨ ਦੀ ਕਾਰਵਾਈ ਚਲਾਉਣ ’ਚ ਪ੍ਰਧਾਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਮੀਟਿੰਗ ’ਚ ਲੋਕ ਸਭਾ ਪ੍ਰਧਾਨ ਨੇ ਪਿਛਲੇ ਪੰਜ ਸੈਸ਼ਨਾਂ ਦੌਰਾਨ ਸਹਿਯੋਗ ਲਈ ਆਗੂਆਂ ਦੀ ਸ਼ਲਾਘਾ ਕੀਤੀ। ਬਿਰਲਾ ਨੇ ਉਨ੍ਹਾਂ ਤੋਂ ਮੌਨਸੂਨ ਸੈਸ਼ਨ ਦੌਰਾਨ ਵੀ ਆਪਣਾ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ। ਸਿਆਸੀ ਪਾਰਟੀਆਂ ਦੇ ਆਗੂਆਂ ਨੇ ਲੋਕ ਸਭਾ ਪ੍ਰਧਾਨ ਨੂੰ ਭਰੋਸਾ ਦਿੱਤਾ ਕਿ ਉਹ ਸਦਨ ਦੀ ਕਾਰਵਾਈ ਚਲਾਉਣ ’ਚ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਰਲਾ ਨੇ ਕਿਹਾ ਕਿ ਉਨ੍ਹਾਂ ਲੋਕ ਸਭਾ ’ਚ ਪਾਰਟੀਆਂ ਦੇ ਆਗੂਆਂ ਨੂੰ ਸਦਨ ਦੀ ਮਰਿਆਦਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਦਨ ਸਾਰੇ ਮੈਂਬਰਾਂ ਦਾ ਹੈ ਅਤੇ ਉਹ ਸਾਰੀਆਂ ਪਾਰਟੀਆਂ ਤੇ ਸਾਰੇ ਮੈਂਬਰਾਂ ਨੂੰ ਕਾਰਵਾਈ ’ਚ ਸ਼ਾਮਲ ਹੋਣ ਦਾ ਮੌਕਾ ਦੇਣਗੇ ਤਾਂ ਜੋ ਲੋਕ ਹਿੱਤ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਜਾ ਸਕੇ। -ਪੀਟੀਆਈ