ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਅਪਰੈਲ
ਐਤਕੀਂ ਗਰਮੀ ’ਚ ਅਗਾਊਂ ਵਾਧਾ ਹੋ ਗਿਆ ਹੈ। ਤਾਪਮਾਨ ਇੰਨਾ ਵਧਣ ਦੀ ਇਹ ਘਟਨਾ ਇੱਕ ਸੌ ਬਾਈ ਸਾਲਾਂ ਮਗਰੋਂ ਸਾਹਮਣੇ ਆਈ ਹੈ, ਕਿਉਂਕਿ ਆਮ ਤੌਰ ’ਤੇ ਵਿਸਾਖੀ ਤੋਂ ਬਾਅਦ ਹੀ ਗਰਮੀ ਵਧਦੀ ਹੈ ਪਰ ਐਤਕੀਂ ਅਗਾਊਂ ਹੀ ਗਰਮੀ ਵਿੱਚ ਵਾਧਾ ਹੋਇਆ ਹੈ। ਐਤਕੀਂ ਤਾਪਮਾਨ ’ਚ ਹੋਏ ਇਕਦਮ ਵਾਧੇ ਕਾਰਨ ਸਿਹਤ ਵਿਭਾਗ ਵੀ ਚੌਕੰਨਾ ਹੋ ਗਿਆ ਹੈ।
ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਸ਼ਨਿੱਚਰਵਾਰ ਪਟਿਆਲਾ ਨੂੰ ਵੱਧ ਤੋਂ ਵੱਧ ਤਾਪਮਾਨ ਇਕਤਾਲੀ ਡਿਗਰੀ ਅਤੇ ਘੱਟ ਤੋਂ ਘੱਟ ਇੱਕੀ ਡਿਗਰੀ ਰਿਹਾ ਜੋ ਅੱਜ ਦੇ ਦਿਨ ਪਿਛਲੇ ਸਾਲ ਦੇ ਮੁਕਾਬਲੇ ਪੰਜ ਤੋਂ ਛੇ ਡਿਗਰੀ ਵੱਧ ਮੰਨਿਆ ਜਾ ਰਿਹਾ ਹੈ। ਆਮ ਤੌਰ ’ਤੇ ਇਨ੍ਹਾਂ ਦਿਨਾਂ ਵਿੱਚ ਪਾਰਾ ਤਕਰੀਬਨ ਛੱਤੀ ਸੈਂਤੀ ਡਿਗਰੀ ਹੀ ਰਹਿੰਦਾ ਸੀ। ਇਸੇ ਦੌਰਾਨ ਨਵਾਂ ਸੈਸ਼ਨ ਸ਼ੁਰੂ ਹੋਣ ’ਤੇ ਸਕੂਲ ਵੀ ਖੁੱਲ੍ਹ ਗਏ ਹਨ ਪ੍ਰੰਤੂ ਸਕੂਲ ਖੁੱਲ੍ਹਦਿਆਂ ਹੀ ਪਾਰਾ ਵਧਣ ਦਾ ਮਾਮਲਾ ਸਾਹਮਣੇ ਆਉਣ ’ਤੇ ਸਕੂਲਾਂ ਦਾ ਸਮਾਂ ਬਦਲਣ ਬਾਰੇ ਵੀ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਉਂਜ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ ਤਹਿਤ ਹੀ ਸਕੂਲਾਂ ਦੇ ਸਮੇਂ ਸਬੰਧੀ ਅਗਲਾ ਫ਼ੈਸਲਾ ਲਿਆ ਜਾਵੇਗਾ।
ਮੌਸਮ ਵਿੱਚ ਤਬਦੀਲੀ ਆਉਣ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਲਏ ਜਾਣ ਵਾਲੇ ਕਿਸੇ ਵੀ ਫ਼ੈਸਲੇ ਸਬੰਧੀ ਸਿਹਤ ਵਿਭਾਗ ਵੱਲੋਂ ਡਾ. ਸੁਮਿਤ ਸਿੰਘ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਹੋਇਆ ਹੈ। ਡਾ. ਸੁਮਿਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਡਾ. ਸੁਮਿਤ ਦਾ ਕਹਿਣਾ ਸੀ ਕਿ ਇਨ੍ਹੀਂ ਦਿਨੀਂ ਲਗਾਤਾਰ ਵਧ ਰਹੀ ਗਰਮੀ ਨੂੰ ਮੁੱਖ ਰੱਖਦਿਆਂ ਹਰੇਕ ਵਰਗ ਦੇ ਵਿਅਕਤੀਆਂ ਨੂੰ ਚੌਕੰਨਾ ਰਹਿਣ ਦੀ ਲੋੜ ਹੈ। ਇਕ ਸਵਾਲ ਦੇ ਜਵਾਬ ਵਿਚ ਡਾ. ਸੁਮਿਤ ਸਿੰਘ ਨੇ ਆਖਿਆ ਕਿ ਭਾਵੇਂ ਐਤਕੀਂ ਸਮੇਂ ਤੋਂ ਪਹਿਲਾਂ ਹੀ ਵਧੇਰੇ ਗਰਮੀ ਪੈਣ ਲੱਗੀ ਹੈ ਜਿਸ ਕਰਕੇ ਕੁਝ ਪ੍ਰੋਗਰਾਮ ਬਦਲੇ ਜਾਣ ਦੇ ਆਸਾਰ ਵੀ ਹਨ ਪ੍ਰੰਤੂ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਮੌਸਮ ਵਿਭਾਗ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਜਿਸ ਮਗਰੋਂ ਹੀ ਸਿਹਤ ਵਿਭਾਗ ਕੋਈ ਐਡਵਾਇਜ਼ਰੀ ਜਾਰੀ ਕਰੇਗਾ ਜਿਸ ਵਿੱਚ ਸਕੂਲਾਂ ਦਾ ਸਮਾਂ ਬਦਲਣਾ ਵਿਸ਼ੇਸ਼ ਤੌਰ ’ਤੇ ਵਿਚਾਰ ਗੋਚਰੇ ਹੈ। ਉਂਜ ਉਨ੍ਹਾਂ ਦੱਸਿਆ ਕਿ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਹ ਸੁਨੇਹਾ ਜ਼ਰੂਰ ਲਾ ਦਿੱਤਾ ਗਿਆ ਹੈ ਕਿ ਗਰਮੀ ਕਾਰਨ ਬੇਹੋਸ਼ ਹੋਣ ਦੀ ਸੂਰਤ ਵਿੱਚ ਹਸਪਤਾਲ ਲਿਆਂਦੇ ਜਾਣ ਵਾਲੇ ਮਰੀਜ਼ਾਂ ਬਾਰੇ ਵਿਸ਼ੇਸ਼ ਖਿਆਲ ਰੱਖਿਆ ਜਾਵੇ।
ਇਸੇ ਦੌਰਾਨ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਐਤਕੀਂ ਸਮੇਂ ਤੋਂ ਪਹਿਲਾਂ ਪੈ ਰਹੀ ਵੱਧ ਗਰਮੀ ਫਸਲਾਂ ਖਾਸ ਕਰਕੇ ਸਬਜ਼ੀਆਂ ਦੀਆਂ ਫ਼ਸਲਾਂ ਲਈ ਵਧੇਰੇ ਨੁਕਸਾਨਦੇਹ ਹੈ। ਉਧਰ ਮੌਸਮ ਵਿਭਾਗ ਦੇ ਹਵਾਲੇ ਨਾਲ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਦਾ ਕਹਿਣਾ ਸੀ ਕਿ ਅਗਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਪੇਸ਼ੀਨਗੋਈ ਨਹੀਂ ਹੈ। ਉੱਧਰ ਸਮਾਜ ਸੇਵੀ ਅਤੇ ਪੰਛੀ ਪ੍ਰੇਮੀ ਰਜੇਸ਼ ਕੁਮਾਰ ਟੱਟਵਾਲੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਸ਼ੂ ਪੰਛੀਆਂ ਲਈ ਢੁੱਕਵੀਆਂ ਥਾਵਾਂ ’ਤੇ ਪਾਣੀ ਦਾ ਪ੍ਰਬੰਧ ਜ਼ਰੂਰ ਕਰਨ।