ਜ਼ਾਪੋਰਿਜ਼ਜ਼ੀਆ, 8 ਮਈ
ਰੂਸੀ ਫ਼ੌਜ ਨੇ ਸ਼ਨਿਚਰਵਾਰ ਨੂੰ ਦੱਖਣੀ ਯੂਕਰੇਨ ਦੇ ਓਡੇਸਾ ਸ਼ਹਿਰ ’ਚ ਛੇ ਕਰੂਜ਼ ਮਿਜ਼ਾਈਲਾਂ ਦਾਗ਼ੀਆਂ ਅਤੇ ਮਾਰੀਓਪੋਲ ’ਚ ਘੇਰੇ ਗਏ ਸਟੀਲ ਪਲਾਂਟ ’ਤੇ ਬੰਬਾਰੀ ਕੀਤੀ ਜਿਥੇ ਯੂਕਰੇਨ ਦੇ ਫ਼ੌਜੀ ਫਸੇ ਹੋਏ ਹਨ। ਵਿਜੈ ਦਿਵਸ ਸਮਾਗਮ ਤੋਂ ਪਹਿਲਾਂ ਰੂਸ ਨੂੰ ਇਸ ਬੰਦਗਾਹ ’ਤੇ ਕਬਜ਼ਾ ਜਮਾਉਣ ਦੀ ਉਮੀਦ ਹੈ। ਉਧਰ ਲੁਹਾਂਸਕ ਦੇ ਪਿੰਡ ਬਿਲੋਹੋਰਿਵਕਾ ’ਚ ਪੈਂਦੇ ਸਕੂਲ ’ਤੇ ਰੂਸ ਵੱਲੋਂ ਵੱਲੋਂ ਕੀਤੀ ਬੰਬਾਰੀ ’ਚ 60 ਵਿਅਕਤੀਆਂ ਦੇ ਮਰਨ ਦਾ ਖ਼ਦਸ਼ਾ ਹੈ। ਸਕੂਲ ਦੇ ਤਹਿਖਾਨੇ ’ਚ 90 ਵਿਅਕਤੀਆਂ ਨੇ ਪਨਾਹ ਲਈ ਹੋਈ ਸੀ। ਇਮਾਰਤ ’ਚੋਂ 30 ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਗਵਰਨਰ ਸੇਹੀਯ ਹਾਇਦਾਈ ਨੇ ਟੈਲੀਗ੍ਰਾਮ ਐਪ ’ਤੇ ਦੱਸਿਆ ਕਿ ਮਲਬੇ ਹੇਠਾਂ ਫਸੇ ਕਰੀਬ 60 ਵਿਅਕਤੀ ਮਾਰੇ ਜਾ ਚੁੱਕੇ ਹਨ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਾਨਕ ਯੂਕਰੇਨੀ ਸ਼ਹਿਰ ਇਰਪਿਨ ਪੁੱਜੇ। ਸੂਤਰਾਂ ਮੁਤਾਬਕ ਟਰੂਡੋ ਯੂਕਰੇਨੀ ਸਦਰ ਵਲਾਦੀਮੀਰ ਜ਼ੇਲੈਂਸਕੀ ਨੂੰ ਵੀ ਮਿਲ ਸਕਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਮਾਰੀਓਪੋਲ ਦੇ ਸਟੀਲ ਪਲਾਂਟ ’ਚੋਂ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਕੱਢ ਲਿਆ ਗਿਆ ਹੈ ਪਰ ਯੂਕਰੇਨ ਦੇ ਲੜਾਕੇ ਅਜੇ ਉਥੇ ਹੀ ਫਸੇ ਹੋਏ ਹਨ। ਉਧਰ ਯੂਕਰੇਨੀ ਫ਼ੌਜ ਨੇ ਕਾਲਾ ਸਾਗਰ ਟਾਪੂ ’ਤੇ ਰੂਸ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ ਜਿਨ੍ਹਾਂ ਨੂੰ ਰੂਸ ਨੇ ਜੰਗ ਦੇ ਸ਼ੁਰੂਆਤੀ ਦਿਨਾਂ ’ਚ ਆਪਣੇ ਕਬਜ਼ੇ ਹੇਠ ਲੈ ਲਿਆ ਸੀ। -ਏਪੀ
ਇੰਗਲੈਂਡ ਵੱਲੋਂ ਯੂਕਰੇਨ ਨੂੰ ਹੋਰ ਸਹਾਇਤਾ ਦੇਣ ਦਾ ਅਹਿਦ
ਲੰਡਨ: ਬ੍ਰਿਟੇਨ ਵੱਲੋਂ ਰੂਸੀ ਫ਼ੌਜ ਖ਼ਿਲਾਫ਼ ਯੂਕਰੇਨ ਨੂੰ 1.3 ਅਰਬ ਪਾਊਂਡ ਦੀ ਹੋਰ ਸਹਾਇਤਾ ਦਿੱਤੀ ਜਾਵੇਗੀ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਗਰੁੱਪ-7 ਦੇ ਹੋਰ ਮੁਲਕਾਂ ਦੇ ਆਗੂਆਂ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਆਨਲਾਈਨ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ ਤਾਂ ਜੋ ਹੋਰ ਹਮਾਇਤ ਦੇਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਯੂਰੋਪ ਵਿਜੈ ਦਿਵਸ ਮੌਕੇ ਪੱਛਮੀ ਭਾਈਵਾਲਾਂ ਵੱਲੋਂ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਜਾ ਸਕਦਾ ਹੈ। -ਏਪੀ