ਇਕਬਾਲ ਕੌਰ ਉਦਾਸੀ
ਮੇਰੇ ਤਾਇਆ ਜੀ ਕਾਮਰੇਡ ਪ੍ਰਕਾਸ਼ ਸਿੰਘ ਦੇ ਜਾਣ ਨਾਲ ਸਾਡੇ ਪਰਿਵਾਰ ਅਤੇ ਸਥਾਨਕ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਕਮਿਊਨਿਸਟ ਤੇ ਸਾਹਿਤਕ ਸਫ਼ਾਂ ਅੰਦਰ ਉਨ੍ਹਾਂ ਨੂੰ ਕਾਮਰੇਡ ਪ੍ਰਕਾਸ਼ ਸਿੰਘ ਰਾਇਸਰੀ ਕਰਕੇ ਜਾਣਿਆ ਜਾਂਦਾ ਹੈ, ਸਾਡਾ ਜੱਦੀ ਪਿੰਡ ਰਾਏਸਰ (ਬਰਨਾਲਾ) ਹੈ। 80-85 ਸਾਲ ਪਹਿਲਾਂ ਮੇਰੇ ਦੋਵੇਂ ਤਾਇਆ ਜੀ, ਦਾਦੀ ਮਾਂ ਸਮੇਤ ਨਾਮਧਾਰੀ ਲਹਿਰ ਦੇ ਪ੍ਰਭਾਵ ਹੇਠ ਪਿੰਡ ਰਾਏਸਰ ਤੋਂ ਜੀਵਨ ਨਗਰ (ਸਿਰਸਾ) ਨੇੜੇ ਪਿੰਡ ਜਗਮਲੇਰਾ ਅੱਜ ਕਲ ਸੰਤ ਨਗਰ ਵਿਚ ਵਸ ਗਏ ਸੀ।
ਉਨ੍ਹਾਂ ਦਾ ਜਨਮ 25 ਫਰਵਰੀ, 1933 ਨੂੰ ਪਿੰਡ ਰਾਏਸਰ ਵਿਚ ਹੋਇਆ। ਚੜ੍ਹਦੀ ਉਮਰੇ ਹੀ ਉਹ ਸੰਤ ਨਗਰ ਚਲੇ ਗਏ ਅਤੇ ਨਾਮਧਾਰੀ ਸਹਿਤ ਸਭਾ ਦੇ ਮੈਂਬਰ ਬਣ ਗਏ। ਸਾਹਿਤ ਦੀ ਅਤਿ ਸੂਖਮ ਵੰਨਗੀ ਰੁਬਾਈ ਅਤੇ ਕਵਿਤਾਵਾਂ ਲਿਖਣ ਲੱਗੇ। ਇਸ ਸਮੇਂ ਦੌਰਾਨ ਹੀ ਉਨ੍ਹਾਂ ਨੂੰ ਸਮਾਜਿਕ, ਆਰਥਿਕ ਨਾ-ਬਰਾਬਰੀ ਦੇ ਪਾੜਿਆਂ ਬਾਰੇ ਸਮਝ ਲੱਗੀ। ਉਨ੍ਹਾਂ ਦੇ ਸਾਥੀ ਗੋਪਾਲ ਸਿੰਘ ਏਲਨਾਬਾਦ ਅਤੇ ਜਸਵੰਤ ਸਿੰਘ ਜੋਸ਼ ਦੱਸਦੇ ਹਨ ਕਿ ਤਾਇਆ ਜੀ 1962-63 ਵਿਚ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਮੁਢਲੇ ਮੈਂਬਰ ਬਣੇ। ਉਨ੍ਹਾਂ ਦੀ ਡਿਊਟੀ ਪਾਰਟੀ ਦੇ ਖੇਤ ਮਜ਼ਦੂਰ ਫਰੰਟ ਤੇ ਲਗਾਈ ਗਈ। ਬੜਾ ਲੰਮਾ ਸਮਾਂ ਉਹ ਖੇਤ ਮਜ਼ਦੂਰ ਸਭਾ ਦੇ ਵੱਖ ਵੱਖ ਅਹੁਦਿਆਂ ਤੇ ਵੀ ਰਹੇ। ਉਨ੍ਹਾਂ ਸੀਪੀਆਈ ਦੇ ਝੰਡੇ ਹੇਠ ਸਿਰਸਾ ਤੋਂ ਲੋਕ ਸਭਾ ਅਤੇ ਵਿਧਾਨ ਸਭਾ ਦੀ ਚੋਣ ਲੜ ਕੇ ਸਿਆਸੀ ਅੰਦੋਲਨ ਵਿਚ ਆਪਣਾ ਨਾਮ ਦਰਜ ਕਰਵਾਇਆ। ਤਾਇਆ ਜੀ ਦਾ ਚੋਣ ਲੜਨ ਦਾ ਮਕਸਦ ਸਿਆਸੀ ਸਰਗਰਮੀਆਂ ਤੇਜ਼ ਕਰਨਾ ਅਤੇ ਹਰ ਜਣੇ ਤੱਕ ਪਾਰਟੀ ਦੀ ਸੋਚ ਨੂੰ ਲਿਜਾਣਾ ਸੀ। ਕਾਮਰੇਡ ਪ੍ਰਕਾਸ਼ ਸਿੰਘ ਨੇ ਜਦੋਂ ਜਸਵੰਤ ਸਿੰਘ ਜੋਸ਼ ਨੂੰ 1964-65 ਵਿਚ ਪਾਰਟੀ (ਸੀਪੀਆਈ) ਦਾ ਮੈਂਬਰ ਬਣਾਇਆ ਤਾਂ ਉਨ੍ਹਾਂ (ਜੋਸ਼) ਦੀ ਮਾਂ ਕਹਿਣ ਲੱਗੀ ਕਿ ਤੂੰ ਨਾਮਧਾਰੀ, ਜ਼ਮੀਨ ਜਾਇਦਾਦ ਤੇ ਸਰਦਾਰਾਂ ਦਾ ਮੁੰਡਾ, ਇਨ੍ਹਾਂ ਨੰਗ-ਮਲੰਗਾਂ ਨਾਲ ਕਿਉਂ ਰਲ ਗਿਐਂ? ਸੀਪੀਆਈ ਵਿਚ ਕੰਮ ਕਰਦਿਆਂ ਕਈ ਨਾਮਧਾਰੀ ਸਾਥੀ, ਪਰਿਵਾਰ ਅਤੇ ਰਿਸ਼ਤੇਦਾਰ ਸਾਨੂੰ ਛੱਡ ਗਏ ਪਰ ਉਨ੍ਹਾਂ ਆਪਣੀ ਸਰਗਰਮੀ ਜਾਰੀ ਰੱਖੀ।
ਤਾਇਆ ਜੀ ਦੇ ਸਾਥੀ ਬੀਰ ਸਿੰਘ ਮੌਜੂਖੇੜਾ, ਸੁਖਦੇਵ ਹੁੰਦਲ ਅਤੇ ਹਰਦੇਵ ਸੰਧੂ ਕਹਿੰਦੇ ਹਨ ਕਿ ਕਾਮਰੇਡ ਪ੍ਰਕਾਸ਼ ਤਾਂ ਬਸ ਪ੍ਰਕਾਸ਼ ਹੀ ਸੀ, ਅਤਿ ਮਾੜੀਆਂ ਤੇ ਨਾਜ਼ੁਕ ਹਾਲਤਾਂ ਵਿਚ ਵੀ ਉਨ੍ਹਾਂ ਲਾਲ ਝੰਡੇ ਦੀ ਸ਼ਾਨ ਨੂੰ ਨੀਵਾਂ ਨਹੀਂ ਹੋਣ ਦਿੱਤਾ। ਇਲਾਕੇ ਭਰ ਦੇ ਲੋਕਾਂ ਨਾਲ ਤਾਇਆ ਜੀ ਦਾ ਅਤਿ ਨੇੜਲਾ ਰਿਸ਼ਤਾ ਸੀ। ਉਨ੍ਹਾਂ ਦਾ ਜੀਵਨ ਜਥੇਬੰਦਕ, ਵਿਚਾਰਧਾਰਕ ਪ੍ਰਤੀਬੱਧਤਾ ਦੀ ਹਾਮੀ ਭਰਦਾ ਹੈ। ਉਹ ਆਖਰੀ ਸਾਹਾਂ ਤਕ ਸੀਪੀਆਈ ਦੇ ਮੈਂਬਰ ਰਹੇ ਅਤੇ ਆਪਣੀ ਸਰਗਰਮੀ ਸਾਇਕਲ ਤੇ ਹੀ ਜਾਰੀ ਰੱਖੀ। ਸਿਰਸਾ ਇਲਾਕੇ ਦੇ ਲੋਕ ਉਨ੍ਹਾਂ ਨੂੰ ਮਾਮਾ, ਚਾਚਾ, ਤਾਇਆ ਅਤੇ ਬਾਪੂ ਜੀ ਕਹਿ ਕੇ ਬੁਲਾਉਂਦੇ ਸਨ। ਜਥੇਬੰਦਕ ਅਤੇ ਸਿਆਸੀ ਕੰਮਾਂ ਵਿਚ ਉਨ੍ਹਾਂ ਦੀ ਬੇਮਿਸਾਲ ਇਮਾਨਦਾਰੀ ਦੀਆਂ ਘਟਨਾਵਾਂ ਦਾ ਜਿ਼ਕਰ ਅਕਸਰ ਛਿੜਦਾ ਹੈ। ਉਸਾਰੂ ਅਤੇ ਫਰਾਖ਼ਦਿਲੀ ਵਾਲੇ ਤਾਇਆ ਜੀ ਨੇ ਪਰਿਵਾਰ ਵਿਚ ਵੀ ਸਮਾਜਿਕ ਕੁਰੀਤੀਆਂ ਅਤੇ ਅੰਧਵਿਸ਼ਵਾਸ ਦਾ ਡਟ ਕੇ ਵਿਰੋਧ ਕੀਤਾ। ਜ਼ਿੰਦਗੀ ਵਿਚ ਆਈ ਹਰ ਔਕੜ ਨੂੰ ਉਨ੍ਹਾਂ ਪੈਰਾਂ ਹੇਠ ਮਧੋਲੀ ਰੱਖਿਆ। ਜ਼ਿੰਦਾਦਿਲੀ ਅਤੇ ਆਪਣੇ ਅਕੀਦੇ ਤੇ ਅਡੋਲ ਰਹਿਣਾ ਤਾਇਆ ਜੀ ਦੇ ਹਿੱਸੇ ਆਇਆ ਹੈ। ਤੇਜਾ ਸਿੰਘ ਸੁਤੰਤਰ, ਹਰਦੇਵ ਸਿੰਘ ਅਰਸ਼ੀ ਅਤੇ ਸੁਵਰਨ ਸਿੰਘ ਵਿਰਕ ਤਾਇਆ ਜੀ ਦੇ ਅਤਿ ਨੇੜਲੇ ਸਾਥੀ ਰਹੇ ਹਨ। ਜਦ ਮੇਰੇ ਪਾਪਾ ਲੋਕ ਕਵੀ ਸੰਤ ਰਾਮ ਉਦਾਸੀ ਦੀ ਪਹਿਲੀ ਗ੍ਰਿਫਤਾਰੀ ਹੋਈ ਤਾਂ ਤਾਇਆ ਜੀ ਅਤੇ ਸੁਤੰਤਰ ਡੀਐੱਸਪੀ ਸੰਗਰੂਰ ਨੂੰ ਚੈਲੰਜ ਕਰ ਆਏ ਕਿ ਜੇ ਇਸ ਮੁੰਡੇ ਦਾ ਕੋਈ ਨੁਕਸਾਨ ਹੋ ਗਿਆ ਤਾਂ ਅਸੀਂ ਤੇਰੇ ਹੱਡਾਂ ਵਿਚੋਂ ਕੱਢਾਂਗੇ ਕਿਉਂਕਿ ਉਸ ਸਮੇਂ ਪੁੁਲੀਸ ਮੁਕਾਬਲੇ ਦਾ ਡਰ ਸੀ।
ਤਾਇਆ ਜੀ ਦੀ ਸਾਹਿਤਕ ਰਚਨਾ (ਰੁਬਾਈ) ਤੋਂ ਪ੍ਰਭਾਵਿਤ ਹੋ ਕੇ ਹੀ ਮੇਰੇ ਪਾਪਾ ਨੇ ਮਾਤਭਾਸ਼ਾ, ਭਾਵ, ਵੰਗਾਂ ਵਰਗੀਆਂ ਰੁਬਾਈਆਂ ਦੀ ਰਚਨਾ ਕੀਤੀ। ਸਿਆਸੀ ਸਰਗਰਮੀਆਂ ਦੌਰਾਨ ਤਾਇਆ ਜੀ ਪੁਲੀਸ ਤਸ਼ੱਦਦ ਦਾ ਸ਼ਿਕਾਰ ਵੀ ਹੁੰਦੇ ਰਹੇ। ਪਾਰਟੀ ਸੱਦੇ ਤੇ ਮਹਿੰਗਾਈ ਖਿਲਾਫ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਤਾਇਆ ਜੀ ਅਨੇਕਾਂ ਵਾਰ ਗ੍ਰਿਫਤਾਰ ਹੋਏ। ਉਹ ਬੁੜੈਲ ਜੇਲ੍ਹ ਵਿਚ ਪੂਰਾ ਇੱਕ ਮਹੀਨਾ ਬੰਦ ਰਹੇ ਸਨ।
ਕੇਂਦਰੀ ਪੰਜਾਬੀ ਲੇਖਕ ਸਭਾ ਨੇ 10 ਦਸੰਬਰ, 2021 ਨੂੰ ਜੀਵਨ ਨਗਰ ਦੇ ਗੁਰੂ ਹਰੀ ਸਿੰਘ ਕਾਲਜ ਵਿਚ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਸਮਾਗਮ ਕਰਵਾਇਆ। ਤਾਇਆ ਜੀ ਨੂੰ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਨਵਾਜਿਆ ਗਿਆ। ਜਦੋਂ ਡਾ. ਸੁਮੇਲ ਸਿੱਧੂ, ਡਾ. ਸੁਰਜੀਤ ਭੱਟੀ ਅਤੇ ਦਰਸ਼ਨ ਬੁੱਟਰ ਪਾਪਾ ਜੀ ਬਾਰੇ ਬੋਲ ਰਹੇ ਸੀ ਤਾਂ ਤਾਇਆ ਜੀ ਦੀਆਂ ਅੱਖਾਂ ਵਿਚੋਂ ਹੰਝੂ ਵਗ ਰਹੇ ਸੀ। ਮੈਂ ਨਾਲ ਬੈਠੀ ਨੇ ਪੁੱਛਿਆ, “ਤਾਇਆ ਜੀ, ਤੁਸੀਂ ਠੀਕ ਹੋ! ਘਰ ਜਾਣੈ!” ਉਨ੍ਹਾਂ ਕਿਹਾ- ‘ਮੈਂ ਬਿਲਕੁਲ ਠੀਕ ਹਾਂ ਪੁੱਤ, ਮੈਂ ਸਾਰਾ ਪ੍ਰੋਗਰਾਮ ਦੇਖਣਾ’। ਸਮਾਗਮ ਤੋਂ ਬਾਅਦ ਘਰ ਆ ਕੇ ਤਾਇਆ ਜੀ ਬਹੁਤ ਖ਼ੁਸ਼ ਸਨ। ਮੈਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਤਾਇਆ ਜੀ ਦੀਆਂ ਰੁਬਾਈਆਂ ਅਤੇ ਕਵਿਤਾਵਾਂ ਇਕੱਠੀਆਂ ਕਰਕੇ ਕਿਤਾਬ ਛਪਵਾਉਣ ਦਾ ਫੈਸਲਾ ਕੀਤਾ। 12 ਦਸੰਬਰ ਨੂੰ ਮੈਂ ਘਰੋਂ ਤੁਰਨ ਸਮੇਂ ਕਿਹਾ, “ਚੰਗਾ ਤਾਇਆ ਜੀ, ਮੈਂ ਚੱਲੀ ਆਂ।” ਉਨ੍ਹਾਂ ਸਿਰ ਤੇ ਹੱਥ ਰੱਖ ਕੇ ਕਿਹਾ, “ਚੰਗਾ ਪੁੱਤ, ਫੇਰ ਕਦੋਂ ਆਉਣੈ?” ਮੈਂ ਕਿਹਾ, “ਹੁਣ ਦਸੰਬਰ ਦੀਆਂ ਛੁੱਟੀਆਂ ਵਿਚ ਆਵਾਂਗੀ।” ਅਚਾਨਕ 14 ਦਸੰਬਰ ਨੂੰ ਤਾਇਆ ਜੀ ਬਿਮਾਰ ਹੋ ਗਏ। ਉਨ੍ਹਾਂ ਨੂੰ ਸਿਰਸਾ ਦੇ ਹਸਪਤਾਲ ਵਿਚ ਲਿਜਾਇਆ ਗਿਆ। 21 ਦਸੰਬਰ ਨੂੰ ਮੇਰੇ ਭਤੀਜੇ ਅੱਵਲ ਦਾ ਫੋਨ ਆਇਆ, “ਭੂਆ ਜੀ, ਤੁਹਾਨੂੰ ਆਉਣਾ ਪੈਣਾ, ਦਾਦਾ ਜੀ ਠੀਕ ਨਹੀਂ।” ਮੈਂ ਤੁਰੰਤ ਤੁਰ ਪਈ। ਤਾਇਆ ਜੀ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦਸੰਬਰ ਛੁੱਟੀਆਂ ਤੱਕ ਮੇਰੇ ਆਉਣ ਦੀ ਉਡੀਕ ਵੀ ਨਹੀਂ ਕੀਤੀ। 30 ਦਸੰਬਰ ਨੂੰ ਪਰਿਵਾਰ ਅਤੇ ਉਨ੍ਹਾਂ ਦੇ ਸਾਥੀ ਸ਼ਰਧਾਂਜਲੀ ਸਮਾਗਮ ਕਰਵਾ ਰਹੇ ਹਨ। ਉਨ੍ਹਾਂ ਦੀ ਅਣਥੱਕ ਮਿਹਨਤ, ਜ਼ਿੰਦਾਦਿਲੀ, ਸਿਰੜ, ਇਮਾਨਦਾਰੀ ਅਤੇ ਜਥੇਬੰਦਕ ਪ੍ਰਤੀਬੱਧਤਾ ਨੂੰ ਸਲਾਮ ਹੈ। ਸਵਾਲ ਇਹ ਨਹੀਂ ਕਿ ਤੁਸੀਂ ਕਿੰਨਾ ਸਮਾਂ ਜਿਊਂਦੇ ਹੋ, ਸਵਾਲ ਇਹ ਹੈ ਕਿ ਤੁਸੀਂ ਕਿਸ ਮਕਸਦ ਲਈ ਜਿਊਂਦੇ ਹੋ।
ਸੰਪਰਕ: 98157-23525