ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਫਰਵਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਦੇਸ਼ ਭਰ ਦੇ 10ਵੀਂ ਤੇ 12ਵੀਂ ਬੋਰਡ ਦੀਆਂ ਜਮਾਤਾਂ ਦੇ ਅੰਦਰੂਨੀ ਮੁਲਾਂਕਣ (ਇੰਟਰਨਲ ਅਸੈਸਮੈਂਟ) ਬਾਰੇ ਹਦਾਇਤਾਂ ਜਾਰੀ ਕੀਤੀਆਂ ਹਨ। ਸਕੂਲਾਂ ਨੂੰ ਇਨ੍ਹਾਂ ਜਮਾਤਾਂ ਦੀ ਅਮਲੀ ਪ੍ਰੀਖਿਆ ਪਹਿਲੀ ਮਾਰਚ ਤੋਂ ਕਰਵਾਉਣ ਬਾਰੇ ਕਿਹਾ ਗਿਆ ਹੈ ਜਦਕਿ ਆਖਰੀ ਪ੍ਰੈਕਟੀਕਲ 11 ਜੂਨ ਨੂੰ ਹੋਵੇਗਾ। ਬੋਰਡ ਨੇ ਸਕੂਲਾਂ ਨੂੰ ਸਪੱਸ਼ਟ ਕੀਤਾ ਹੈ ਕਿ ਹਦਾਇਤਾਂ ਦਾ ਪਾਲਣ ਨਾ ਕਰਨ ’ਤੇ 50 ਹਜ਼ਾਰ ਰੁਪਏ ਤਕ ਜੁਰਮਾਨਾ ਲਾਇਆ ਜਾਵੇਗਾ। ਸੀਬੀਐੱਸਈ ਦੇ ਕੰਟਰੋਲਰ ਪ੍ਰੀਖਿਆਵਾਂ ਸੰਯਮ ਭਾਰਦਵਾਜ ਨੇ ਅੱਜ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਜੇ ਕਿਸੇ ਸਕੂਲ ਨੇ ਬੋਰਡ ਵੱਲੋਂ ਭੇਜੇ ਪ੍ਰੀਖਿਆ ਅਧਿਕਾਰੀ ਤੋਂ ਬਿਨਾਂ ਅਮਲੀ ਪ੍ਰੀਖਿਆਵਾਂ ਕਰਵਾਈਆਂ ਤਾਂ ਉਸ ਸਕੂਲ ਦੀ ਅਮਲੀ ਪ੍ਰੀਖਿਆ ਰੱਦ ਕਰ ਦਿੱਤੀ ਜਾਵੇਗੀ ਤੇ ਵਿਦਿਆਰਥੀਆਂ ਨੂੰ ਅੰਕ ਉਨ੍ਹਾਂ ਦੇ ਥਿਊਰੀ ਵਿੱਚ ਆਏ ਅੰਕਾਂ ਦੇ ਆਧਾਰ ’ਤੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਅਮਲੀ ਪ੍ਰੀਖਿਆ ਦੇ ਅੰਕ ਉਸੇ ਦਿਨ ਬੋਰਡ ਦੀ ਵੈੱਬਸਾਈਟ ’ਤੇ ਦਿੱਤੇ ਲਿੰਕ ’ਤੇ ਅਪਲੋਡ ਕਰਨੇ ਜ਼ਰੂਰੀ ਹੋਣਗੇ। ਅਮਲੀ ਪ੍ਰੀਖਿਆ ਵਿੱਚ ਇਸ ਵਾਰ ਆਬਜ਼ਰਵਰ ਵੀ ਨਿਯੁਕਤ ਕੀਤਾ ਜਾਵੇਗਾ। ਜੇ ਕਿਸੇ ਵਿਦਿਆਰਥੀ ਦੀ ਕਰੋਨਾ ਕਾਰਨ ਅਮਲੀ ਪ੍ਰੀਖਿਆ ਨਹੀਂ ਹੋਈ ਤਾਂ ਸਕੂਲ ਉਸ ਨੂੰ ਇੱਕ ਹੋਰ ਮੌਕਾ ਦੇਣਗੇ ਪਰ ਇਸ ਸਬੰਧੀ ਅਗਲੀ ਕਾਰਵਾਈ ਸੀਬੀਐੱਸਈ ਬੋਰਡ ਵਲੋਂ ਕੀਤੀ ਜਾਵੇਗੀ। ਇਹ ਪ੍ਰੀਖਿਆ ਵੀ 11 ਜੂਨ ਤੋਂ ਪਹਿਲਾਂ ਕਰਵਾਉਣੀ ਜ਼ਰੂਰੀ ਹੋਵੇਗੀ।