ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਅਕਤੂਬਰ
ਖੇਤੀ ਕਾਨੂੰਨ ਬਣਨ ਮਗਰੋਂ ਕਿਸਾਨ ਰੋਹ ’ਚ ਆ ਗਏ ਹਨ। ਉਂਜ ਕਿਸਾਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ, ਪਰ ਨੌਜਵਾਨਾਂ ਦੀ ਵੱਧ ਰਹੀ ਸ਼ਮੂਲੀਅਤ ਨਾਲ਼ ਇਹ ਅੰਦੋਲਨ ਤਿੱਖੇ ਸੰਘਰਸ਼ ’ਚ ਤਬਦੀਲ ਹੁੰਦਾ ਨਜ਼ਰ ਆ ਰਿਹਾ ਹੈ।
ਅੱਜ ਪੰਜਾਬ ਭਰ ਤੋਂ ਪੁੱਜੇ ਹਜ਼ਾਰਾਂ ਨੌਜਵਾਨਾ ਨੇ ਤਕਰੀਰਾਂ ਦੀ ਬਜਾਏ ਹਕੂਮਤ ਨਾਲ਼ ਤਿੱਖੀ ਅਤੇ ਸਿੱਧੀ ਲੜਾਈ ਜ਼ਰੂਰੀ ਹੋਣ ਦੇ ਤਰਕ ਤਹਿਤ ਸ਼ੰਭੂ ਬੈਰੀਅਰ ’ਤੇ ਧਰਨਾ ਮਾਰ ਕੇ ਕਰੀਬ ਤਿੰਨ ਘੰਟੇ ਆਵਾਜਾਈ ਬੰਦੀ ਰੱਖੀ। ਮਗਰੋਂ ਉਨ੍ਹਾਂ ਨੇ ਆਵਾਜਾਈ ਤਾਂ ਬਹਾਲ ਕਰ ਦਿੱਤੀ, ਪਰ ਮਸਲੇ ਦੇ ਹੱਲ ਤੱਕ ਸ਼ੰਭੂ ਬੈਰੀਅਰ ’ਤੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਮੁੱਖ ਪ੍ਰਬੰਧਕ ਮੰਨੇ ਜਾ ਰਹੇ ਦੀਪ ਸਿੱਧੂ ਦਾ ਕਹਿਣਾ ਸੀ ਕਿ ਕੇਂਦਰੀ ਹਕੂਮਤ ਦੀਆਂ ਇਨ੍ਹਾਂ ਮਾਰੂ ਨੀਤੀਆਂ ਨਾਲ਼ ਨਾ ਸਿਰਫ਼ ਕਿਸਾਨ, ਬਲਕਿ ਅਨੇਕਾਂ ਹੋਰ ਵਰਗਾਂ ਦੇ ਲੋਕ ਵੀ ਪਸੀਜੇ ਗਏ ਹਨ, ਜਿਸ ਕਰਕੇ ਉਨ੍ਹਾਂ ਵੱਲੋਂ ਅੱਜ ਸ਼ੰਭੂ ਵਿਖੇ ਆਰੰਭੇ ਗਏ ਇਸ ਪੱਕੇ ਮੋਰਚੇ ਦੌਰਾਨ ਜਿਥੇ ਹਰ ਵਰਗ ਦੇ ਮੁੱਦੇ ਉਭਾਰੇ ਜਾਣਗੇ, ਉਥੇ ਹੀ ਹਰੇਕ ਵਰਗ ਦੇ ਨੁਮਾਇੰਦਿਆਂ ਦੀ ਹਾਜ਼ਰੀ ਵੀ ਇਸ ਮੋਰਚੇ ’ਚ ਯਕੀਨੀ ਬਣਾਈ ਜਾਵੇਗੀ।
ਇਸ ਨੂੰ ਨਿਰੋਲ ਕਿਸਾਨ ਅੰਦੋਲਨ ਦੀ ਬਜਾਏ ਸਾਂਝੇ ਮੁੱਦਿਆਂ ਤੇ ਮੰਗਾਂ ’ਤੇ ਆਧਾਰਿਤ ਪੱਕਾ ਮੋਰਚਾ ਵੀ ਸਮਝਿਆ ਜਾ ਰਿਹਾ ਹੈ। ਦੀਪ ਸਿੱਧੂ ਨੇ ਕਿਹਾ ਕਿ ਹੁਣ ਲੋਕ, ਖਾਸ ਕਰਕੇ ਨੌਜਵਾਨ ਵਰਗ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਿਆ ਹੈ ਤੇ ਅਜਿਹੇ ਸੰਘਰਸ਼ਾਂ ਸਬੰਧੀ ਹੁਣ ਬੰਦ ਕਮਰਿਆਂ ’ਚ ਮੀਟਿੰਗਾਂ ਨਹੀਂ ਹੋਣ ਦੇਣਗੇ। ਬਿਨਾਂ ਕਿਸੇ ਦਾ ਨਾਮ ਲਿਆਂ, ਦੀਪ ਸਿੱਧੂ ਨੇ ਕਿਸਾਨ ਆਗੂਆਂ ਨੂੰ ਵੀ ਸੁਝਾਅ ਦਿੱਤਾ ਕਿ ਉਹ ਵੀ ਅਜਿਹੇ ਕਿਸਾਨ ਸੰਘਰਸ਼ਾਂ ਸਬੰਧੀ ਹੋਣ ਵਾਲ਼ੇ ਸਮਝੌਤਿਆਂ/ਫੈਸਲਿਆਂ ਨੂੰ ਇਸ ਕਦਰ ਪਾਰਦਰਸ਼ੀ ਬਣਾਉਣ ਦਾ ਤਹੱਈਆ ਕਰਨ ਕਿ ਸੰਘਰਸ਼ ’ਚ ਸ਼ਿਰਕਤ ਕਰਨ ਵਾਲ਼ੇ ਹਰੇਕ ਕਿਸਾਨ ਤੇ ਵਰਗ ਨੂੰ ਪਤਾ ਲੱਗ ਸਕੇ ਕਿ ਆਖਰ ਸਿੱਟਾ ਕੀ ਨਿਕਲ਼ਿਆ ਹੈ।
ਨੌਜਵਾਨਾਂ ਦੀ ਇਸ ਇਕੱਤਰਤਾ ਨੂੰ ਸਾਬਕਾ ਐੱਮਪੀ ਡਾ. ਧਰਮਵੀਰ ਗਾਂਧੀ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਦਾ ਤਰਕ ਸੀ ਕਿ ਹੱਕਾਂ ਦੀ ਪ੍ਰਾਪਤੀ ਲਈ ਆਰ ਪਾਰ ਦੀ ਲੜਾਈ ਜ਼ਰੂਰੀ ਹੋ ਗਈ ਹੈ। ਉਨ੍ਹਾਂ ਕੇਂਦਰ ਨੂੰ ਅਗਾਹ ਕੀਤਾ ਕਿ ਪੰਜਾਬ ਦੇ ਲੋਕ ਹੁਣ ਬਿਨਾਂ ਪ੍ਰਾਪਤੀ ਘਰਾਂ ਨੂੰ ਪਰਤਣ ਵਾਲ਼ੇ ਨਹੀਂ ਹਨ। ਜਿਸ ਕਰਕੇ ਹਕੂਮਤ ਨੂੰ ਆਪਣਾ ਰਵੱਈਆ ਬਦਲ ਲੈਣਾ ਚਾਹੀਦਾ ਹੈ।
ਪੰਜਾਬ ’ਚ ਵਾਢੀ ਦੇ ਬਾਵਜੂਦ ਅੰਦੋਲਨ ਦੇ ਰਾਹ ਪਏ ਕਿਸਾਨ
ਚੰਡੀਗੜ੍ਹ (ਚਰਨਜੀਤ ਭੁੱਲਰ): ਪੰਜਾਬ ’ਚ ਝੋਨੇ ਦੀ ਵਾਢੀ ਦੇ ਬਾਵਜੂਦ ਕਿਸਾਨ ਅੰਦੋਲਨ ਦਾ ਰੋਹ ਸਿਖਰ ਵੱਲ ਵਧਣ ਲੱਗਾ ਹੈ। 31 ਕਿਸਾਨ ਧਿਰਾਂ ਦੀ ਅਗਵਾਈ ਵਿਚ ਕਿਸਾਨਾਂ ਨੇ ਕਰੀਬ ਤਿੰਨ ਦਰਜਨ ਥਾਵਾਂ ’ਤੇ ਰੇਲ ਮਾਰਗ ਰੋਕੇ ਹੋਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਪੱਕੇ ਮੋਰਚੇ ਦੇ 11ਵੇਂ ਦਿਨ ਰੇਲਵੇ ਟਰੈਕ ਬਸਤੀ ਟੈਂਕਾਂ ਵਾਲੀ ਤੇ ਦੇਵੀਦਾਸਪੁਰਾ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ ਤੇ ਅਡਾਨੀ ਦੇ ਪੁਤਲੇ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਐਲਾਨ ਕੀਤਾ ਹੈ ਕਿ ਹੁਣ ਪੱਕਾ ਮੋਰਚਾ 8 ਅਕਤੂਬਰ ਤੱਕ ਜਾਰੀ ਰਹੇਗਾ। ਬੀ.ਕੇ.ਯੂ (ਉਗਰਾਹਾਂ) ਵੱਲੋਂ 13 ਜ਼ਿਲ੍ਹਿਆਂ ’ਚ ਅਣਮਿਥੇ ਸਮੇਂ ਦੇ ਧਰਨੇ ਅੱਜ ਵੀ 40 ਥਾਵਾਂ ’ਤੇ ਲਾਏ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 4 ਥਾਵਾਂ ’ਤੇ ਰੇਲ ਮਾਰਗ ਜਾਮ ਕੀਤੇ ਅਤੇ 4 ਭਾਜਪਾ ਆਗੂਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕੀਤੇ ਗਏ। ਜਥੇਬੰਦੀ ਵੱਲੋਂ ਅੱਜ 8 ਟੌਲ ਪਲਾਜ਼ਿਆਂ, 2 ਸ਼ਾਪਿੰਗ ਮਾਲਜ਼, ਦੋ ਸਾਇਲੋ ਗੁਦਾਮਾਂ ਅੱਗੇ ਅਤੇ ਪੰਦਰਾਂ ਰਿਲਾਇੰਸਾਂ ਪੰਪਾਂ ਤੋਂ ਇਲਾਵਾ ਥਰਮਲ ਪਲਾਂਟ ਬਣਾਂਵਾਲੀ (ਮਾਨਸਾ) ਵਿਚ ਧਰਨੇ ਜਾਰੀ ਹਨ। ਧਰਨਾਕਾਰੀਆਂ ਵੱਲੋਂ ਟੌਲ ਪਲਾਜ਼ਿਆਂ ਤੋਂ ਲੋਕਾਂ ਨੂੰ ਬਿਨਾਂ ਟੌਲ ਦਿੱਤੇ ਲੰਘਾਇਆ ਜਾ ਰਿਹਾ ਹੈ, ਰਿਲਾਇੰਸ ਦੇ ਪੰਪਾਂ ਤੋਂ ਤੇਲ ਦੀ ਵਿੱਕਰੀ ਬੰਦ ਕਰਾ ਦਿੱਤੀ ਗਈ ਹੈ।
ਖੇਤੀ ਤੇ ਕਿਰਤ ਕਾਨੂੰਨਾਂ ਖ਼ਿਲਾਫ਼ ਖੱਬੇ ਪੱਖੀਆਂ ਵੱਲੋਂ ਮੁਜ਼ਾਹਰਾ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਅਤੇ ਕਿਰਤ ਕਾਨੂੰਨਾਂ ਵਿਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਦੇ ਵਿਰੋਧ ਵਿਚ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਦੌਰਾਨ ਜਥੇਬੰਦੀ ਨੇ ਖੇਤੀ ਕਾਨੂੰਨਾਂ ਖਿਲਾਫ ਚਲ ਰਹੇ ਕਿਸਾਨ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਥੇ ਭੰਡਾਰੀ ਪੁਲ ਵਿਚ ਕੀਤੇ ਗਏ ਰੋਸ ਪ੍ਰਦਰਸ਼ਨ ਸਮੇਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਆਖਿਆ ਕਿ ਕਿਸਾਨੀ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਮੋਹ ਤਿਆਗੇ ਅਤੇ ਦੇਸ਼ ਵਿਚੋਂ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ। ਉਨ੍ਹਾਂ ਨੇ ਛੋਟੀਆਂ ਬੱਚੀਆਂ ਅਤੇ ਖਾਸ ਕਰਕੇ ਦਲਿਤ ਸਮਾਜ ਨਾਲ ਸਬੰਧਤ ਕੁੜੀਆਂ ਨਾਲ ਹੋ ਰਹੇ ਜਬਰ ਜਨਾਹ ਮਾਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਯੂਪੀ ਦੀ ਯੋਗੀ ਸਰਕਾਰ ਨੂੰ ਭੰਗ ਕਰਨ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਇਸ ਮੌਕੇ ਸੂਬੇ ਦੇ ਕਾਰਜਕਾਰੀ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਡਾ. ਸਤਨਾਮ ਸਿੰਘ ਅਜਨਾਲਾ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਕਰਮਪੁਰਾ ਆਦਿ ਨੇ ਸੰਬੋਧਨ ਕੀਤਾ।