ਰਵੇਲ ਸਿੰਘ ਭਿੰਡਰ
ਪਟਿਆਲਾ, 4 ਅਕਤੂਬਰ
ਸ਼ਾਹੀ ਸ਼ਹਿਰ ’ਚ ਬਾਰਾਂਦਰੀ ਗਾਰਡਨ ’ਚ ਛੇ ਮਹੀਨਿਆਂ ਦੀ ਲੰਮੀ ਬੰਦੀ ਮਗਰੋਂ ਅੱਜ ਸੰਡੇ ਸੇਲ ਦਾ ਮੁੜ ਆਗਾਜ਼ ਹੋ ਗਿਆ। ਦੱਸਣਯੋਗ ਹੈ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਹਤਿਆਤ ਵਜੋਂ ਲਗਾਏ ਗਏ ਕਰਫਿਊ ਤੇ ਲੌਕਡਾਊਨ ਮਗਰੋਂ ਸੰਡੇ ਸੇਲ ਬੰਦ ਕਰ ਦਿੱਤੀ ਗਈ ਸੀ।
ਅੱਜ ਸੰਡੇ ਸੇਲ ’ਚ ਭਾਵੇਂ ਗਾਹਕਾਂ ਦੀ ਪਹਿਲਾਂ ਵਾਂਗ ਚਹਿਲ ਪਹਿਲ ਨਜ਼ਰ ਨਹੀਂ ਆਈ ਪ੍ਰੰਤੂ ਦੁਕਾਨਦਾਰਾਂ ਨੇ ਸੇਲ ਦੇ ਬਾਜ਼ਾਰ ਬੜੇ ਉਤਸ਼ਾਹ ਨਾਲ ਲਗਾਏ ਹੋਏ ਸਨ। ਸਵੇਰ ਤੋਂ ਹੀ ਰੇਹੜੀਆਂ ਤੇ ਫੜ੍ਹੀਆਂ ਤੇ ਫੁੱਟਪਾਥ ਪੱਧਰ ਦੀਆਂ ਦੁਕਾਨਾਂ ਸੱਜ ਗਈਆਂ ਸਨ। ਦੱਸਣਯੋਗ ਹੈ ਕਿ ਸ਼ਾਹੀ ਸ਼ਹਿਰ ਦੀ ਬਾਰਾਂਦਰੀ ਗਾਰਡਨ ਵਾਲੀ ਸੰਡੇ ਸੇਲ ’ਚ ਕਰੋਨਾ ਮਹਾਮਾਰੀ ਤੋਂ ਪਹਿਲਾਂ ਹਜ਼ਾਰਾਂ ਦੀ ਤਾਦਾਦ ’ਚ ਲੋਕ ਸ਼ਿਰਕਤ ਕਰਦੇ ਸੀ। ਇਸ ਸੇਲ ਬਾਜ਼ਾਰ ’ਚ ਘਰੇਲੂ ਲੋੜੀਂਦੀਆਂ ਵਸਤੂਆਂ ਤੋਂ ਇਲਾਵਾ ਕੱਪੜਾ ਤੇ ਹੋਰ ਸਾਜ਼ੋ ਸਾਮਾਨ ਸਮੇਤ ਫੁਟਕਲ ਤਰਾਂ ਦਾ ਕਾਫੀ ਸਾਮਾਨ ਪ੍ਰਦਰਸ਼ਿਤ ਹੁੰਦਾ ਹੈ। ਅਜਿਹੇ ’ਚ ਅੱਜ ਛੇ ਮਹੀਨਿਆਂ ਮਗਰੋਂ ਲੱਗ ਰਹੀ ਸੰਡੇ ਸੇਲ ਦੇ ਦੁਕਾਨਦਾਰਾਂ ’ਚ ਕਾਫ਼ੀ ਉਤਸ਼ਾਹ ਸੀ। ਕਈ ਦੁਕਾਨਦਾਰਾਂ ਨੇ ਆਖਿਆ ਕਿ ਉਨ੍ਹਾਂ ਦਾ ਘਰੇਲੂ ਗੁਜ਼ਾਰਾ ਸੰਡੇ ਸੇਲ ਨਾਲ ਹੀ ਚੱਲਦਾ ਹੈ। ਪ੍ਰੰਤੂ ਕੋਵਿਡ-19 ਦੇ ਮੱਦੇਨਜ਼ਰ ਇਹ ਧੰਦਾ ਤੇ ਵਪਾਰ ਠੱਪ ਹੋ ਗਿਆ ਸੀ। ਅਜਿਹੀ ਲੰਮੀ ਮਿਆਦ ਦੀ ਬੰਦੀ ਤੋਂ ਪੀੜਤ ਦੁਕਾਨਦਾਰਾਂ ਨੇ ਆਖਿਆ ਕਿ ਉਨ੍ਹਾਂ ਕੋਲ ਘਰ ਦਾ ਗੁਜ਼ਾਰਾ ਕਰਨ ਲਈ ਕੋਈ ਹੋਰ ਬਦਲਵਾਂ ਧੰਦਾ ਨਾ ਹੋਣ ਕਾਰਨ ਅਤਿ ਔਖਿਆਈ ਹੋ ਰਹੇ ਸੀ। ਇਹ ਸੇਲ ਪਿਛਲੀ ਵਾਰ 15 ਮਾਰਚ ਨੂੰ ਸਜੀ ਸੀ। ਇਸ ਮਗਰੋਂ ਪੰਜਾਬ ਅੰਦਰ ਕਰਫਿਊ ਤੇ ਲੌਕਡਾਊਨ ਦਾ ਮਾਹੌਲ ਬਣਿਆ ਰਿਹਾ।
ਇਸ ਸੰਡੇ ਸੇਲ ’ਚ ਸਥਾਨਕ ਲੋਕਾਂ ਤੋਂ ਇਲਾਵਾ ਇਲਾਕੇ ਦੇ ਪਿੰਡਾਂ ਦੇ ਗਾਹਕਾਂ ਤੋਂ ਇਲਾਵਾ ਵਧੇਰੇ ਕਰਕੇ ਪ੍ਰਵਾਸੀ ਲੋਕਾਂ ਦਾ ਜਮਾਵੜਾ ਰਹਿੰਦਾ ਹੈ। ਪਹਿਲੇ ਦਿਨ ਗਾਹਕਾਂ ਦੀ ਕਮੀ ਸਬੰਧੀ ਦੁਕਾਨਦਾਰਾਂ ਨੇ ਦੱਸਿਆ ਕਿ ਅਗਲੇ ਐਤਵਾਰ ਤਕ ਲੋਕਾਂ ਨੂੰ ਇਸ ਦਾ ਪਤਾ ਚੱਲ ਜਾਵੇਗਾ ਤੇ ਸੇਲ ਭਰਨ ਦੀ ਪੂਰੀ ਉਮੀਦ ਹੈ।