ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 21 ਨਵੰਬਰ
ਕਿਸਾਨ ਮਾਰੂ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 26-27 ਨਵੰਬਰ ਨੂੰ ਦਿੱਲੀ ਚੱਲੋ ਪ੍ਰੋਗਰਾਮ ਦੀ ਤਿਆਰੀ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਗਿੱਦੜਬਾਹਾ ਵੱਲੋਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਤੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਦੀ ਅਗਵਾਈ ਵਿੱਚ ਪਿੰਡ ਭਲਾਈਆਣਾ ਤੋਂ ਦਿੱਲੀ ਚੱਲੋ ਝੰਡਾ ਮਾਰਚ ਸ਼ੁਰੂ ਕੀਤਾ ਗਿਆ। ਇਹ ਮਾਰਚ ਸਹਬਿਚੰਦ, ਛੱਤਿਆਣਾ, ਰੁਖਾਲਾ, ਕੋਟਭਾਈ, ਦੌਲਾ ਭਾਰੂ, ਬੁੱਟਰ ਬਖੂਆ, ਮਧੀਰ, ਗੁਰੂਸਰ ਖੁੰਨਣ ਖੁਰਦ, ਗਿਲਜੇਵਾਲਾ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸਮਾਪਤ ਹੋਇਆ। ਇਸ ਮੌਕੇ ਸੰਗੀਤ ਮੰਡਲੀ ਜਗਸੀਰ ਜੀਦਾ ਵੱਲੋਂ ਤਿੱਖੇ ਵਿਅੰਗ ਮਈ ਗੀਤਾਂ ਬੋਲੀਆਂ ਨਾਲ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਵੀ ਕੀਤਾ ਗਿਆ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਬਖ਼ਤਗੜ੍ਹ ਵਿੱਚ ਮਾਰਚ ਕੱਢਿਆ ਗਿਆ। ਇਸ ਮੌਕੇ ਜਥੇਬੰਦੀ ਦੇ ਬਲਾਕ ਆਗੂ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਜਾਣ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਬਠਿੰਡਾ (ਸ਼ਗਨ ਕਟਾਰੀਆ): ਕਿਸਾਨ ਸੰਗਠਨਾਂ ਦੀ ਇਥੇ ਹੋਈ ਮੀਟਿੰਗ ’ਚ ‘ਦਿੱਲੀ ਚੱਲੋ’ ਐਕਸ਼ਨ ਦੀ ਵਿਉਂਤਬੰਦੀ ਲਈ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਹਨੀ ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਬਲਕਰਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ ਵਿਚ ਹੋਈ ਮੀਟਿੰਗ ਦੌਰਾਨ ਭਵਿੱਖੀ ਅੰਦੋਲਨ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਿਚਾਰ ਕੇ ਲੰਮੇ ਸਮੇਂ ਲਈ ਪੈਂਤੜੇ ਅਖਤਿਆਰ ਕੀਤੇ ਗਏ ਹਨ।
ਬਰਨਾਲਾ (ਪਰਸ਼ੋਤਮ ਬੱਲੀ): ਭੱਠਲ ਭਵਨ ਬਰਨਾਲਾ ਵਿੱਚ ਕੁਲ ਹਿੰਦ ਕਿਸਾਨ ਸਭਾ ਦੀ ਮੀਟਿੰਗ ਕਾਮਰੇਡ ਨਿਰੰਜਣ ਸਿੰਘ ਠੀਕਰੀਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕੇਂਦਰੀ ਮੋਦੀ ਸਰਕਾਰ ਖਿਲਾਫ਼ 26 ਅਤੇ 27 ਨਵੰਬਰ ਨੂੰ ਦਿੱਲੀ ਦੇ ਘਿਰਾਓ ਸਬੰਧੀ ਕਿਸਾਨੀ ਲਾਮਬੰਦੀ ਹਿੱਤ ਯੋਜਨਾ ਉਲੀਕੀ ਗਈ। ਸੀਨੀਅਰ ਆਗੂ ਗੁਰਦੇਵ ਸਿੰਘ ਦਰਦੀ ਨੇ ਦੱਸਿਆ ਕਿ ਵੱਖ-ਵੱਖ ਕਿਸਾਨ ਆਗੂਆਂ ਨੂੰ ਤਿਆਰੀਆਂ ਹਿੱਤ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਹਨ।
ਟੌਲ ਪਲਾਜ਼ਾ ਤੇ ਬੈਸਟ ਪ੍ਰਾਈਜ਼ ਮਾਲ ਅੱਗੇ ਧਰਨੇ ਜਾਰੀ
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਜ਼ ਮਾਲ ਅੱਗੇ 52ਵੇਂ ਦਿਨ ਵੀ ਮੋਰਚੇ ਜਾਰੀ ਰਹੇ। ਇਸ ਮੌਕੇ ਹਰਜਿੰਦਰ ਸਿੰਘ ਬੱਘੀ, ਪਰਮਜੀਤ ਕੌਰ ਪਿੱਥੋ, ਕਰਮਜੀਤ ਕੌਰ, ਰਾਜਵਿੰਦਰ ਸਿੰਘ, ਹੁਸ਼ਿਆਰ ਸਿੰਘ, ਬਲਜੀਤ ਸਿੰਘ ਅਤੇ ਲਖਵੀਰ ਸਿੰਘ ਨੇ ਕਿਹਾ ਕਿ 26 ਅਤੇ 27 ਨਵੰਬਰ ਦੇ ਦਿੱਲੀ ਘਿਰਾਓ ਨੂੰ ਸਫਲ ਬਣਾਉਣ ਲਈ ਪਿੰਡਾਂ ਵਿੱਚ ਮੁਜ਼ਾਹਰੇ ਤੇ ਮੀਟਿੰਗਾਂ ਰਾਹੀਂ ਲੋਕਾਂ ਨੂੰ ਲਾਮਵੰਦ ਕੀਤਾ ਜਾ ਰਿਹਾ ਹੈ।
ਰੇਲਵੇ ਸਟੇਸ਼ਨ ’ਤੇ ਡਟੇ ਕਿਸਾਨਾਂ ਦੇ ਹੌਸਲੇ ਬੁਲੰਦ
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਖੇਤੀ ਕਾਨੂੰਨਾਂ ਵਿਰੁੱਧ ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਲਗਾਏ ਧਰਨੇ ਦੌਰਾਨ ਵਿਰੋਧ ਕਰ ਰਹੇ ਕਿਸਾਨ ਡਟੇ ਹੋਏ ਹਨ। ਆਗੂਆਂ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਕਿਸਾਨਾਂ ਨੇ ਦਿੱਲੀ ਨੂੰ ਜਾਣ ਦੇ ਕਮਰਕੱਸੇ ਕਰ ਲਏ ਹਨ ਤੇ ਪਿੰਡਾਂ ਵਿੱਚ ਝੰਡੇ ਮਾਰਚ ਕਰਦੇ ਹੋਏ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦਿੱਲੀ ਜਾਣ ਲਈ ਫੰਡ ਇਕੱਠਾ ਕਰ ਰਹੇ ਹਨ ਤਾਂ ਕਿ ਲਗਾਤਾਰ ਦਿੱਲੀ ਦਾ ਘਿਰਾਓ ਕੀਤਾ ਜਾ ਸਕੇ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਹਰਿਆਣਾ ਸਰਕਾਰ ਨੇ ਰੋਕਣ ਦਾ ਯਤਨ ਕੀਤਾ ਤਾਂ ਪੰਜਾਬ ਦੇ ਕਿਸਾਨ ਉੱਥੇ ਹੀ ਮੋਰਚਾ ਲਾਉਣਗੇ।
ਕਿਸਾਨਾਂ ਨੇ ਪਿੰਡਾਂ ’ਚੋਂ ਰਾਸ਼ਨ ਇਕੱਠਾ ਕੀਤਾ
ਸ਼ਹਿਣਾ (ਪ੍ਰਮੋਦ ਸਿੰਗਲਾ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਦਿੱਲੀ ’ਚ ਲਾਏ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਸਬੰਧੀ ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ, ਦੁੱਲਮਸਰ, ਸ਼ਹਿਣਾ, ਮੌੜ, ਉਗੋਕੇ ਆਦਿ ਸਮੇਤ 1 ਦਰਜਨ ਤੋਂ ਵੱਧ ਪਿੰਡਾਂ ’ਚੋਂ ਰਾਸ਼ਨ ਵੀ ਇਕੱਠਾ ਕੀਤਾ ਜਾ ਰਿਹਾ ਹੈ। ਜਥੇਬੰਦੀ ਦੇ ਬਲਾਕ ਮੀਤ ਪ੍ਰਧਾਨ ਲਖਵੀਰ ਸਿੰਘ ਦੁੱਲਮਸਰ ਨੇ ਦੱਸਿਆ ਕਿ ਪਿੰਡਾਂ ’ਚ ਮੀਟਿੰਗਾਂ ਦਾ ਸਿਲਸਿਲਾ ਮੁਕੰਮਲ ਹੋ ਚੁੱਕਾ ਹੈ। ਹਰ ਪਿੰਡ ’ਚੋਂ ਇੱਕ ਟਰੈਕਟਰ ਪਿੱਛੇ 2 ਟਰਾਲੀਆਂ ਪਾ ਕੇ ਤਿਆਰ ਰਹਿਣ ਲਈ ਵੀ ਕਿਹਾ ਗਿਆ ਹੈ। ਕਿਸਾਨਾਂ ਕੋਲ ਪੰਜ ਮਹੀਨੇ ਦਾ ਰਾਸ਼ਨ ਇਕੱਠਾ ਹੈ।