ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 16 ਅਗਸਤ
ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਸਕੱਤਰ ਕੁਲਦੀਪ ਸਿੰਘ ਮਾਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਹ ਸੰਸਥਾ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਅਗਵਾਈ ’ਚ ਦੋ ਦਹਾਕੇ ਤੋਂ ਲਾਵਾਰਸ ਬੱਚਿਆਂ ਦੀ ਸੇਵਾ ਸੰਭਾਲ ਕਰਦੀ ਆ ਰਹੀ ਹੈ। ਐੱਸਜੀਬੀ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਬਤੌਰ ਸਕੱਤਰ ਕੁਲਦੀਪ ਸਿੰਘ ਮਾਨ ਨੇ ਸਮਾਜ ਸੇਵਾ ਦੇ ਖੇਤਰ ਤੋਂ ਇਲਾਵਾ ਬੇਸਹਾਰਾ ਹਾਲਤ ’ਚ ਮਿਲਦੇ ਬੱਚਿਆਂ ਦੀ ਸੰਭਾਲ ’ਚ ਅਹਿਮ ਯੋਗਦਾਨ ਪਾਇਆ ਹੈ। ਇਸ ਬਦਲੇ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਚਾਂਦੀ ਦਾ ਪਾਲਿਸ਼ ਮੈਡਲ, ਸ਼ਾਲ ਅਤੇ ਮੁੱਖ ਸਕੱਤਰ ਪੰਜਾਬ ਵਲੋਂ ਹਸਤਾਖਰ ਕੀਤੇ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਮੰਚ ਤੋਂ ਲੋਕ ਸੰਪਰਕ ਵਿਭਾਗ ਦੇ ਬੁਲਾਰੇ ਨੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਵਲੋਂ ਕੀਤੇ ਜਾ ਰਹੇ ਹੋਰਨਾਂ ਕਾਰਜਾਂ ਦਾ ਜ਼ਿਕਰ ਕੀਤਾ।
ਸੂਬੇਦਾਰ ਰਾਮ ਸਿੰਘ ਦਾ ਇਲਾਕੇ ਲੋਕਾਂ ਵੱਲੋਂ ਸਨਮਾਨ
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਸਾਲ 1965 ਦੀ ਅਤੇ 1971 ਦੀ ਭਾਰਤ-ਪਾਕਿ ਜੰਗ ਦੌਰਾਨ ਸਿੱਧੇ ਰੂਪ ਵਿਚ ਦੁਸ਼ਮਣਾਂ ਨਾਲ ਮੁਕਾਬਲਾ ਕਰਨ ਵਾਲੇ ਸੂਬੇਦਾਰ ਰਾਮ ਸਿੰਘ ਨੂੰ ਇਸ ਇਤਿਹਾਸਕ ਘਟਨਾ ਦੇ 50 ਵਰ੍ਹੇ ਪੂਰੇ ਹੋਣ ’ਤੇ ਇਲਾਕੇ ਦੇ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਸਤਨਾਮ ਨਗਰ ਵਿੱਚ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਨੇਕਾਂ ਬੁਲਾਰਿਆਂ ਨੇ ਇਸ ਮਹਾਨ ਯੋਧੇ ਸੂਬੇਦਾਰ ਰਾਮ ਸਿੰਘ ਵੱਲੋਂ ਕੀਤੀ ਬਹਾਦਰੀ ਦਾ ਜ਼ਿਕਰ ਕੀਤਾ ਤੇ ਉਨ੍ਹਾਂ ਵੱਲੋਂ ਮੌਜੂਦਾ ਸਮੇਂ ਕੀਤੀਆਂ ਜਾ ਰਹੀਆਂ ਧਾਰਿਮਕ ਸੇਵਾਵਾਂ ਦੀ ਪ੍ਰਸੰਸਾ ਕੀਤੀ। ਦੱਸਣਯੋਗ ਹੈ ਕਿ 1971 ਦੀ ਭਾਰਤ-ਪਾਕਿ ਜੰਗ ਮੌਕੇ ਫਿਰੋਜ਼ਪੁਰ ਬਾਰਡਰ ’ਤੇ ਪਾਕਿ ਫੌਜੀਆਂ ਵੱਲੋਂ ਭਾਰੀ ਬੰਬ ਭਾਰਤੀ ਫੌਜ ’ਤੇ ਸੁੱਟਿਆ ਗਿਆ ਪ੍ਰਤੂੰ ਬੰਬ ਦੇ ਚੱਲਣ ਤੋਂ ਪਹਿਲਾਂ ਹੀ ਆਪਣੀ ਫੁਰਤੀ ਤੇ ਸੁਝਬੂਝ ਵਰਤਦਿਆਂ ਅਤੇ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸੂਬੇਦਾਰ ਰਾਮ ਸਿੰਘ ਨੇ ਜਿੱਥੇ ਇਸ ਬੰਬ ਨੂੰ ਨਕਾਰਾ ਕਰ ਕੇ ਇਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਇਆ, ਉੱਥੇ ਕੁਝ ਹੀ ਦੂਰੀ ’ਤੇ ਨਹਿਰ ’ਤੇ ਬਣੇ ਇਕ ਪੁਲ, ਜਿਸ ਰਾਹੀਂ ਪਾਕਿ ਫੌਜੀ ਭਾਰਤੀ ਜ਼ਮੀਨ ’ਤੇ ਕਾਬਜ਼ ਹੋ ਰਹੇ ਸਨ, ਇਸ ਪੁਲ ਨੂੰ ਇਕ ਹੋਰ ਬੰਬ ਨਾਲ ਉਡਾ ਕੇ ਪਾਕਿ ਫੌਜ ਦੇ ਅਨੇਕਾਂ ਮਨਸੂਬੇ ਫੇਲ੍ਹ ਕਰ ਦਿੱਤੇ ਸਨ।