ਗੁਰਨਾਮ ਸਿੰਘ ਚੌਹਾਨ
ਪਾਤੜਾਂ, 14 ਮਾਰਚ
ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਪਾਤੜਾਂ ਇਲਾਕੇ ਦੇ ਪਿੰਡਾਂ ਵਿੱਚ ਅੱਜ ਮੋਟਰਸਾਈਕਲ ਮਾਰਚ ਕੀਤਾ ਗਿਆ। ਇਹ ਮਾਰਚ ਕਕਰਾਲਾ ਭਾਈਕਾ ਦੀ ਅਨਾਜ ਮੰਡੀ ਤੋਂ ਸ਼ੁਰੂ ਕਰਕੇ ਦੇਧਨਾਂ, ਘੱਗਾ, ਪਾਤੜਾਂ ਸ਼ਹਿਰ, ਚੁਨਾਗਰਾ, ਹਰਿਆਊ, ਸੇਲਵਾਲਾ, ਖਾਂਗ, ਨੂਰਪੁਰਾ, ਗੁਲਾਹੜ ਅਤੇ ਜੋਗੇਵਾਲ ਹੁੰਦਾ ਹੋਇਆ ਖਨੌਰੀ ਹੋ ਕੇ ਢਾਬੀ ਗੁੱਜਰਾਂ ਵਿੱਚ ਸਮਾਪਤ ਹੋਇਆ। ਇਸ ਮਾਰਚ ਵਿੱਚ ਇਲਾਕੇ ਦੇ ਸੈਂਕੜੇ ਨੌਜਵਾਨਾਂ ਨੇ ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਸ਼ਮੂਲੀਅਤ ਕੀਤੀ ਤੇ ਅਦਾਕਾਰਾ ਸੋਨੀਆ ਮਾਨ ਵੀ ਮਾਰਚ ਵਿੱਚ ਸ਼ਾਮਲ ਹੋਈ।
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਜਸਵੀਰ ਫਤਿਹਪੁਰ, ਦਲਜਿੰਦਰ ਸਿੰਘ, ਸੁਖਜਿੰਦਰ ਪਾਤੜਾਂ ਨੇ ਕਿਹਾ ਹੈ ਕਿ ਭਾਜਪਾ ਦਾ ਆਈਟੀ ਵਿੰਗ ਨੌਜਵਾਨਾਂ ਤੇ ਕਿਸਾਨ ਆਗੂਆਂ ਨੂੰ ਇੱਕ ਦੂਜੇ ਦੇ ਵਿਰੋਧ ਵਿੱਚ ਪੇਸ਼ ਕਰਕੇ ਕਿਸਾਨ ਮੋਰਚੇ ਨੂੰ ਕਮਜ਼ੋਰ ਕਰਨ ਦੇ ਯਤਨ ਕਰ ਰਿਹਾ ਹੈ ਜਦੋਂਕਿ ਪੰਜਾਬ ਦਾ ਨੌਜਵਾਨ ਵਰਗ ਅੱਜ ਵੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਕਿਸਾਨ ਸੰਘਰਸ਼ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਵੱਲੋਂ ਕੀਤੇ ਜਾ ਰਹੇ ਮੋਟਰਸਾਈਕਲ ਮਾਰਚਾਂ ਵਿੱਚ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਕਿਸਾਨੀ ਘੋਲ ਲਈ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋੰ ਦਿੱਤੇ ਸੱਦਿਆਂ ਤਹਿਤ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ’ਤੇ ਪਾਤੜਾਂ-ਖਨੌਰੀ ਇਲਾਕੇ ਤੋੰ ਨੌਜਵਾਨਾਂ ਦੇ ਕਾਫਲੇ ਮੋਟਰਸਾਈਕਲਾਂ ਉੱਤੇ ਦਿੱਲੀ ਪਹੁੰਚਣਗੇ ਅਤੇ 26 ਮਾਰਚ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਵੀ ਕਾਮਯਾਬ ਕੀਤਾ ਜਾਵੇਗਾ।
ਕੇਸਰੀ ਪੱਗਾਂ ਬੰਨ੍ਹ ਕੇ ਦਿੱਲੀ ਪਹੁੰਚਣ ਦਾ ਸੱਦਾ
ਹੌਸਲਾ-ਅਫਜ਼ਾਈ ਲਈ ਪਹੁੰਚੀ ਸੋਨੀਆ ਮਾਨ ਨੇ ਨੌਜਵਾਨਾਂ ਨੂੰ ਤਿੰਨੇ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਕਿਸਾਨੀ ਘੋਲ ਦੀ ਮਜ਼ਬੂਤੀ ਲਈ ਕਿਸਾਨ ਜੱਥੇਬੰਦੀਆਂ ਨਾਲ ਡਟਣ ਦਾ ਸੁਨੇਹਾ ਦਿੰਦਿਆਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕੇਸਰੀ ਪੱਗਾਂ ਬੰਨ੍ਹ ਕੇ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ।