ਕੋਲਕਾਤਾ, 30 ਨਵੰਬਰ
ਓਮੀਕਰੋਨ ਦੇ ਬਾਵਜੂਦ ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ। ਬੀਸੀਸੀਆਈ ਮੁਖੀ ਸੌਰਵ ਗਾਂਗੁਲੀ ਨੇ ਕਿਹਾ ਕਿ ਇਹ ਦੌਰਾ ਪਹਿਲਾਂ ਨਿਰਧਾਰਤ ਸਮੇਂ ਅਨੁਸਾਰ ਹੀ ਹੋਵੇਗਾ। ਦੋਵਾਂ ਟੀਮਾਂ ਦਰਮਿਆਨ ਪਹਿਲਾ ਟੈਸਟ 17 ਦਸੰਬਰ ਨੂੰ ਖੇਡਿਆ ਜਾਵੇਗਾ। ਕੋਲਕਾਤਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗਾਂਗੁਲੀ ਨੇ ਕਿਹਾ ਕਿ ਹਾਲੇ ਤਾਂ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਦੂਜਾ ਟੈਸਟ ਹੋਣਾ ਹੈ, ਉਸ ਮੌਕੇ ਹਾਲਾਤ ਦੇਖ ਕੇ ਹੀ ਫੈਸਲਾ ਕੀਤਾ ਜਾਵੇਗਾ ਪਰ ਇਹ ਦੌਰਾ ਪਹਿਲਾਂ ਨਿਰਧਾਰਤ ਸਮੇਂ ’ਤੇ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਖਿਡਾਰੀਆਂ ਦੀ ਸਿਹਤ ਤੇ ਸੁਰੱਖਿਆ ਉਨ੍ਹਾਂ ਦੀ ਪਹਿਲ ਹੋਵੇਗੀ।