ਨਿੱਜੀ ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 21 ਫਰਵਰੀ
ਪੰਜਾਬ ਵਿੱਚ ਇਪਟਾ ਲਹਿਰ ਦੇ ਬਾਨੀਆਂ ’ਚ ਇੱਕ ਅਤੇ ਨਾਮਵਰ ਪੰਜਾਬੀ ਲੋਕ ਗਾਇਕ ਅਮਰਜੀਤ ਗੁਰਦਾਸਪੁਰ ਲੰਘੇ ਦੋ ਹਫ਼ਤਿਆਂ ਤੋਂ ਜ਼ਿੰੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਨ੍ਹਾਂ ਦੇ ਜ਼ੱਦੀ ਪਿੰਡ ਉਦੋਵਾਲੀ ਵਿੱਚ ਮਿਜਾਜ਼ਪੁਰਸ਼ੀ ਲਈ ਗਏ। ਅਮਰਜੀਤ ਗੁਰਦਾਸਪੁਰੀ ਉਨ੍ਹਾਂ ਦੇ ਪਿਤਾ ਮਰਹੂਮ ਸੰਤੋਖ ਸਿੰਘ ਰੰਧਾਵਾ ਦੇ ਵੀ ਨਿਕਟਵਰਤੀ ਸਾਥੀ ਰਹੇ ਹਨ। ਉਹ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਇੱਕ ਹਸਪਤਾਲ ’ਚ ਦਾਖ਼ਲ ਸਨ,ਜੋ ਦੋ ਦਿਨ ਪਹਿਲਾਂ ਹੀ ਆਪਣੇ ਪਿੰਡ ਉਦੋਵਾਲੀ ’ਚ ਪਰਤੇ। ਰੰਧਾਵਾ ਨੇ ਗੁਰਦਾਸਪੁਰੀ ਤੋਂ ਜਦ ਹੀਰ ਸੁਣਨ ਦੀ ਇੱਛਾ ਦੱਸੀ ਤਾਂ ਉਹ ਬੋਲ ਤਾਂ ਨਹੀਂ ਸਕੇ ਪਰ ਮੁਸਕਰਾ ਕੇ ਹੱਥਾਂ ਦੇ ਇਸ਼ਾਰੇ ਨਾਲ ਕਹਿ ਗਏ ਕਿ ਪੁੱਤਰਾ ਦਸ ਮਾਰਚ ਨੂੰ ਸੁਣਾਵਾਂਗਾ, ਜਿਸ ਦਿਨ ਤੇਰਾ ਨਤੀਜਾ ਆਵੇਗਾ। ਅੱਜ ਉਦੋਵਾਲੀ ਤੋਂ ਪਰਤ ਕੇ ਰੰਧਾਵਾ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਦੱਸਿਆ ਕਿ ਅਮਰਜੀਤ ਗੁਰਦਾਸਪੁਰੀ ਦੀ ਸਿਹਤ ਭਾਵੇਂ ਬਹੁਤੀ ਠੀਕ ਨਹੀਂ ਪਰ ਮਨੋਬਲ ਪੂਰਾ ਕਾਇਮ ਹੈ। ਪ੍ਰੋ. ਗਿੱਲ ਨੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਜ਼ਿਕਰਯੋਗ ਹੈ ਕਿ ਗੁਰਦਾਸਪੁਰੀ ਆਪਣੇ ਜਵਾਨ ਪੁੱਤਰ ਪਰਮ ਸੁਨੀਲ ਸਿੰਘ ਰੰਧਾਵਾ ਦੀ ਦਸੰਬਰ ਮਹੀਨੇ ਵਿੱਚ ਹੋਈ ਮੌਤ ਨਾਲ ਗਹਿਰੇ ਸਦਮੇ ਵਿੱਚ ਹਨ।