ਗੁਰਨਾਮ ਸਿੰਘ ਚੌਹਾਨ
ਪਾਤੜਾਂ, 18 ਜੁਲਾਈ
ਪਿੰਡ ਬਰਾਸ ਦੇ ਨੌਜਵਾਨ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਦਿੜ੍ਹਬਾ ਦੇ ਕੁਝ ਵਿਅਕਤੀਆਂ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਮੌਕੇ ’ਤੇ ਪੁੱਜੀ ਪੁਲੀਸ ਨੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਗੋਤਾਖੋਰਾਂ ਦੀ ਸਹਾਇਤਾ ਨਾਲ ਨਹਿਰ ਵਿੱਚੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬਾਜ ਸਿੰਘ ਵਾਸੀ ਪਿੰਡ ਸੰਤਪੁਰਾ ਬਰਾਸ ਨੇ ਦੱਸਿਆ ਕਿ ਦਿੜ੍ਹਬਾ ਸ਼ਹਿਰ ਵਿੱਚ ਦੁਕਾਨ ਕਰਦਾ ਉਸ ਦਾ ਭਰਾ ਪੰਜਾਬ ਸਿੰਘ ਸਵੇਰ ਤੋਂ ਘਰੋਂ ਗ਼ਾਇਬ ਸੀ। ਉਨ੍ਹਾਂ ਨੂੰ ਉਸ ਦੇ ਮੋਬਾਈਲ ’ਤੋਂ ਵਾਇਰਲ ਹੋਈ ਵੀਡੀਓ ’ਤੇ ਥਾਣਾ ਘੱਗਾ ’ਚੋਂ ਆਏ ਫ਼ੋਨ ਤੋਂ ਪਤਾ ਲੱਗਿਆ ਕਿ ਉਸ ਨੇ ਬੂਟਾ ਸਿੰਘ ਵਾਲਾ ਪਿੰਡ ਨੇੜੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ ਹੈ। ਮੌਕੇ ’ਤੇ ਭਰਾ ਦਾ ਮੋਟਰਸਾਈਕਲ ਤੇ ਸਾਮਾਨ ਨਹਿਰ ਕੰਡੇ ’ਤੇ ਪਿਆ ਮਿਲਿਆ। ਉਨ੍ਹਾਂ ਦੱਸਿਆ ਕਿ ਨਹਿਰ ’ਚ ਛਾਲ ਮਾਰਨ ਤੋਂ ਪਹਿਲਾਂ ਵਾਇਰਲ ਕੀਤੀ ਵੀਡੀਓ ਵਿੱਚ ਪੰਜਾਬ ਸਿੰਘ ਨੇ ਦਿੜ੍ਹਬਾ ’ਚ ਕੱਪੜੇ ਦੀ ਦੁਕਾਨ ਕਰਦੇ 2 ਵਿਅਕਤੀਆਂ ’ਤੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਬਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਗੋਤਾਖੋਰਾਂ ਨੂੰ ਬੁਲਾ ਕੇ ਨਹਿਰ ’ਚੋਂ ਪੰਜਾਬ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀ ਲੱਗਿਆ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਥਾਣਾ ਘੱਗਾ ਮੁਖੀ ਨੇਹਾ ਅਗਰਵਾਲ ਨੇ ਕਿਹਾ ਕਿ ਨਹਿਰ ਵਿੱਚ ਛਾਲ ਮਾਰਨ ਵਾਲੇ ਪੰਜਾਬ ਸਿੰਘ ਦੀ ਪਾਈ ਹੋਈ ਵੀਡੀਓ ਦੀ ਘੋਖ ਕੀਤੀ ਜਾ ਰਹੀ ਹੈ ਤੇ ਸਾਰੇ ਮਾਮਲੇ ਦੀ ਪੜਤਾਲ ਕਰਨ ਮਗਰੋਂ ਕਾਰਵਾਈ ਕੀਤੀ ਜਾਵੇਗੀ।