ਨਵੀਂ ਦਿੱਲੀ, 5 ਜੂਨ
ਟਵਿੱਟਰ ਨੇ ਆਰਐਸਐਸ ਮੁਖੀ ਮੋਹਤ ਭਾਗਵਤ ਤੇ ਹੋਰ ਸੀਨੀਅਰ ਆਗੂਆਂ ਦੇ ਟਵਿੱਟਰ ਅਕਾਊਂਟ ਦਾ ਬਲਿਊ ਵੈਰੀਫਿਕੇਸ਼ਨ ਟਿਕ ਅੱਜ ਸਵੇਰੇ ਹਟਾ ਦਿੱਤਾ ਸੀ ਜੋ ਸੋਸ਼ਲ ਮੀਡੀਆ ’ਤੇ ਰੌਲਾ ਰੱਪਾ ਪੈਣ ਤੋਂ ਬਾਅਦ ਅੱਜ ਸ਼ਾਮ ਬਹਾਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਟਵਿੱਟਰ ਨੇ ਸਪਸ਼ਟ ਕੀਤਾ ਹੈ ਕਿ ਜਿਹੜੇ ਖਾਤੇ ਛੇ ਮਹੀਨੇ ਵਿਚੋਂ ਵਰਤੋਂ ਵਿਚ ਨਹੀਂ ਆਉਂਦੇ ਜਾਂ ਜਿਹੜੇ ਖਾਤੇ ਸੰਪੂਰਨ ਨਹੀਂ ਹਨ, ਉਨ੍ਹਾਂ ਵਿਚੋਂ ਬਲਿਊ ਟਿਕ ਨਾਲ ਤਸਦੀਕ ਕਰਨ ਦੀ ਸਹੂਲਤ ਆਪਣੇ ਆਪ ਹਟ ਜਾਂਦੀ ਹੈ। ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿੰਨੇ ਖਾਤਿਆਂ ਵਿਚੋਂ ਇਹ ਸਹੂਲਤ ਹਟਾਈ ਗਈ ਹੈ। ਰਾਸ਼ਟਰੀ ਸਵੈਮਸੇਵਕ ਸੰਘ ਦਿੱਲੀ ਯੂਨਿਟ ਦੇ ਬੁਲਾਰੇ ਨੇ ਦੱਸਿਆ ਕਿ ਇਹ ਟਵਿੱਟਰ ਦੀ ਪੱਖਪਾਤੀ ਨੀਤੀ ਦਾ ਸਪਸ਼ਟ ਸਬੂਤ ਹੈ। ਉਨ੍ਹਾਂ ਕਿਹਾ ਕਿ ਟਵਿੱਟਰ ਦੇ ਵੱਡੀ ਗਿਣਤੀ ਖਾਤੇ ਚਾਲੂ ਹਾਲਤ ਵਿਚ ਨਹੀਂ ਹਨ ਪਰ ਉਨ੍ਹਾਂ ਕੋਲ ਹਾਲੇ ਵੀ ਵੈਰੀਫਾਈ ਕਰਨ ਦੀ ਸਹੂਲਤ ਉਪਲਬਧ ਹੈ ਪਰ ਸੰਘ ਮੁਖੀ ਤੇ ਆਗੂਆਂ ਸੁਰੇਸ਼ ਸੋਨੀ, ਅਰੁਣ ਕੁਮਾਰ, ਸੁਰੇਸ਼ ਜੋਸ਼ੀ ਅਤੇ ਕ੍ਰਿਸ਼ਨਾ ਗੋਪਾਲ ਦੇ ਖਾਤੇ ਵਿਚੋਂ ਅਜਿਹੀ ਸਹੂਲਤ ਹਟਾ ਦਿੱਤੀ ਗਈ ਸੀ ਜੋ ਹੁਣ ਬਹਾਲ ਕਰ ਦਿੱਤੀ ਗਈ ਹੈ।-ਏਜੰਸੀ