ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਅਤੇ ਪਾਕਿਸਤਾਨੀ ਫ਼ੌਜ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖ਼ਿਲਾਫ਼ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਅੰਗਰੇਜ਼ੀ ਰੋਜ਼ਨਾਮਾ ‘ਡੇਲੀ ਟਾਈਮਜ਼’ ਦੀ ਰਿਪੋਰਟ ਮੁਤਾਬਿਕ ਇਕ ਪਾਸੇ ਨਵਾਜ਼ ਵਿਰੁੱਧ ਦੇਸ਼ਧਰੋਹ ਦਾ ਮੁਕੱਦਮਾ ਦਰਜ ਕੀਤੇ ਜਾਣ ਦੀ ਤਿਆਰੀ ਹੈ, ਦੂਜੇ ਪਾਸੇ ਪਾਕਿਸਤਾਨ ਮੁਸਲਿਮ ਲੀਗ (ਐੱਨ) ਦੇ ਇਸ ਸਰਬਉੱਚ ਨੇਤਾ ਖ਼ਿਲਾਫ਼ ਜ਼ੋਰਦਾਰ ਪ੍ਰਾਪੇਗੰਡਾ ਮੁਹਿੰਮ ਵੀ ਵਿੱਢ ਦਿੱਤੀ ਗਈ ਹੈ। ਇਸ ਮੁਹਿੰਮ ਵਿਚ ਹੁਕਮਰਾਨ ਤਹਿਰੀਕ-ਇ-ਇਨਸਾਫ਼ (ਪੀਟੀਆਈ) ਅਤੇ ਪਾਕਿਸਤਾਨ ਆਰਮੀ ਇਕੋ ਜਿੰਨੇ ਭਾਈਵਾਲ ਹਨ। ਨਵਾਜ਼ ਸ਼ਰੀਫ਼ ਨੇ ਪਿਛਲੇ ਅੱਠ ਮਹੀਨਿਆਂ ਤੋਂ ਡਾਕਟਰੀ ਇਲਾਜ ਦੀ ਬਿਨਾਅ ’ਤੇ ਲੰਡਨ ਵਿਚ ਪਨਾਹ ਲਈ ਹੋਈ ਹੈ। ਉਹ ਵਤਨ ਪਰਤਣ ਦੀ ਰੌਂਅ ਵਿਚ ਨਹੀਂ। ਉਨ੍ਹਾਂ ਵੱਲੋਂ ਉੱਥੇ ਰਹਿੰਦਿਆਂ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਮੁਹਿੰਮ ਦੀ ਅਗਵਾਈ ਕੀਤੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਦੇ ਗੱਠਜੋੜ (ਪੀ.ਡੀ.ਐੱਮ.) ਦੀ 20 ਸਤੰਬਰ ਦੀ ਰੈਲੀ ਦੌਰਾਨ ਉਨ੍ਹਾਂ ਵੱਲੋਂ ਵੈੱਬ ਰਾਹੀਂ ਕੀਤੀ ਗਈ ਤਕਰੀਰ ਨੂੰ ਕੌਮੀ ਤੇ ਕੌਮਾਂਤਰੀ ਮੀਡੀਆ ਵਿਚ ਭਰਵੀਂ ਕਵਰੇਜ ਮਿਲੀ। ਇਸ ਤਕਰੀਰ ਦੌਰਾਨ ਨਵਾਜ਼ ਨੇ ਪਾਕਿਸਤਾਨੀ ਫ਼ੌਜ ਉੱਪਰ ਸਿੱਧਾ ਹਮਲਾ ਕੀਤਾ ਅਤੇ ਇਸ ਨੂੰ ਪਾਕਿਸਤਾਨੀ ਜਮਹੂਰੀਅਤ ਦੇ ਦੁੱਖਾਂ ਦੀ ਜੜ੍ਹ ਦੱਸਿਆ। ਉਨ੍ਹਾਂ ਨੇ ਮਿਸਾਲਾਂ ਦੇ ਕੇ ਦੱਸਿਆ ਕਿ ਜਮਹੂਰੀ ਨਿਜ਼ਾਮ ਵਿਚ ਫ਼ੌਜ ਦੀ ਦਖ਼ਲਅੰਦਾਜ਼ੀ ਨੇ ਪਾਕਿਸਤਾਨ ਲਈ ਕੌਮੀ ਤੇ ਆਲਮੀ ਪੱਧਰ ’ਤੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਪੈਦਾ ਕੀਤੀਆਂ।
ਇਸ ਤਕਰੀਰ ਨੂੰ ਆਲਮੀ ਪੱਧਰ ’ਤੇ ਮਿਲੇ ਹੁੰਗਾਰੇ ਤੋਂ ਤਿਲਮਿਲਾਈ ਇਮਰਾਨ ਸਰਕਾਰ ਨੇ ਇਕ ਪਾਸੇ ਨਵਾਜ਼ ਸ਼ਰੀਫ਼ ਉੱਤੇ ਫ਼ੌਜ ਨੂੰ ਕਮਜ਼ੋਰ ਕਰਨ ਅਤੇ ਦੂਜੇ ਪਾਸੇ ਭਾਰਤ ਦਾ ਹੱਥਠੋਕਾ ਬਣਨ ਦੇ ਦੋਸ਼ ਲਾਏ ਹਨ। ਇਮਰਾਨ ਖ਼ਾਨ ਨੇ ਪਿਛਲੇ ਤਿੰਨ ਦਿਨਾਂ ਦੌਰਾਨ ਵੱਖ ਵੱਖ ਮੌਕਿਆਂ ’ਤੇ ਨਵਾਜ਼ ਸ਼ਰੀਫ਼ ਨੂੰ ਕੌਮੀ ਹਿੱਤਾਂ ਨਾਲ ਸਮਝੌਤੇ ਕਰਨ ਦਾ ਗੁਨਾਹਗਾਰ ਦੱਸਿਆ ਅਤੇ ਨਾਲ ਹੀ ਕਿਹਾ ਕਿ ਉਹ ਭਾਰਤ ਵੱਲੋਂ ਰਚੀ ਰਣਨੀਤੀ ਨੂੰ ਅਮਲੀ ਰੂਪ ਦੇ ਰਿਹਾ ਹੈ। ਇਸ ਦੇ ਨਾਲ ਹੀ ਸ਼ਨਿੱਚਰਵਾਰ (3 ਅਕਤੂਬਰ) ਨੂੰ ਲਾਹੌਰ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ (ਸੰਚਾਰ ਮਾਧਿਅਮ) ਡਾ. ਸ਼ਾਹਬਾਜ਼ ਗਿੱਲ ਨੇ ਇਲਜ਼ਾਮ ਲਾਏ ਕਿ ਨਵਾਜ਼ ਸ਼ਰੀਫ਼ ਨੇ ਹਮੇਸ਼ਾ ਹੀ ਫ਼ੌਜ ਨੂੰ ਕਮਜ਼ੋਰ ਕਰਨ ਵਾਲੇ ਕਦਮ ਚੁੱਕੇ ਅਤੇ ਇਹ ਕਦਮ ‘‘ਭਾਰਤ ਨਾਲ ਜ਼ਾਤੀ ਕਾਰੋਬਾਰੀ ਸਾਂਝ ਹੋਰ ਪੀਡੀ ਬਣਾਉਣ ਦੇ ਮਨਸ਼ੇ ਨਾਲ ਚੁੱਕੇ ਗਏ।’’
ਗਿੱਲ ਨੇ ਦਾਅਵਾ ਕੀਤਾ ਕਿ ਨਵਾਜ਼ ਸ਼ਰੀਫ਼ ਨੇ ਆਪਣੇ ਹਕੂਮਤੀ ਕਾਰਜਕਾਲ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਾਠਮੰਡੂ ਤੇ ਕੁਝ ਹੋਰਨਾਂ ਥਾਵਾਂ ਉੱਤੇ ‘ਗੁਪਤ’ ਮੀਟਿੰਗਾਂ ਕੀਤੀਆਂ। ਪਾਕਿਸਤਾਨੀ ਡਿਪਲੋਮੈਟਾਂ ਨੂੰ ਇਨ੍ਹਾਂ ਮੀਟਿੰਗਾਂ ਬਾਰੇ ਜਾਣਕਾਰੀ ਨਸ਼ਰ ਕਰਨ ਤੋਂ ਵਰਜਿਆ ਗਿਆ। ਨਰਿੰਦਰ ਮੋਦੀ ਦਾ ਵਿਸ਼ੇਸ਼ ਏਲਚੀ ਤੇ ਭਾਰਤੀ ਕਾਰੋਬਾਰੀ ਸੱਜਣ ਜਿੰਦਲ ਮੱਰੀ ਵਿਚ ਨਵਾਜ਼ ਸ਼ਰੀਫ਼ ਨੂੰ ਗੁਪਤ ਤੌਰ ’ਤੇ ਮਿਲਿਆ। ਅਜੀਹੀਆਂ ਮੀਟਿੰਗਾਂ ਬਾਰੇ ਫ਼ੌਜੀ ਜਰਨੈਲਾਂ ਤੋਂ ਇਲਾਵਾ ਰਾਜਸੀ ਧਿਰਾਂ ਨੂੰ ਵੀ ਹਨੇਰੇ ਵਿਚ ਰੱਖਿਆ ਗਿਆ। ਗਿੱਲ ਨੇ ਇਹ ਵੀ ਦਾਅਵਾ ਕੀਤਾ ਕਿ ਨਵਾਜ਼ ਸ਼ਰੀਫ਼ ਤਾਂ ‘ਭਾਰਤੀ ਜਾਸੂਸ’ ਕੁਲਭੂਸ਼ਣ ਜਾਧਵ ਦੀ ਗ੍ਰਿਫ਼ਤਾਰੀ ਦੀ ਖ਼ਬਰ ਨਸ਼ਰ ਕਰਨ ਵਾਸਤੇ ਵੀ ਤਿਆਰ ਨਹੀਂ ਸੀ, ਉਸ ਨੂੰ ਅਜਿਹੀਆਂ ਨਸ਼ਰਿਆਤ ਲਈ ਤਤਕਾਲੀ ਲੈਫਟੀਨੈਂਟ ਜਨਰਲ ਆਸਿਮ ਸਈਦ ਬਾਜਵਾ ਨੇ ‘ਮਜਬੂਰ’ ਕੀਤਾ। ਫ਼ੌਜ ਨੂੰ ਨਵਾਜ਼ ਸ਼ਰੀਫ਼ ਦੇ ਕਾਰੋਬਾਰੀ ਸੌਦਿਆਂ ਵਿਚੋਂ ਭਾਰਤੀ ਹਿੱਤਾਂ ਦੀ ਗੰਧ ਆਉਂਦੀ ਰਹੀ। ਇਸੇ ਲਈ ਬਤੌਰ ਪ੍ਰਧਾਨ ਮੰਤਰੀ, ਨਵਾਜ਼ ਦਾ ਪਹਿਲਾਂ ਜਨਰਲ ਪਰਵੇਜ਼ ਮੁਸ਼ੱਰਫ਼, ਫਿਰ ਜਨਰਲ ਰਹੀਲ ਸ਼ਰੀਫ਼ ਅਤੇ ਫਿਰ ਜਨਰਲ ਕਮਰ ਜਾਵੇਦ ਬਾਜਵਾ ਨਾਲ ‘‘ਸਿੱਧਾ ਪੰਗਾ ਪੈਂਦਾ ਰਿਹਾ।’’
ਗਿੱਲ ਨੇ ਸਨਸਨੀਖੇਜ਼ ਦਾਅਵਾ ਕੀਤਾ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਨੇ ਮੁਲਕ ਵਿਚ ਸੁੰਨੀ ਤੇ ਸ਼ੀਆ ਧਾਰਮਿਕ ਆਗੂਆਂ ਦੀਆਂ ਹੱਤਿਆਵਾਂ ਕਰਵਾ ਕੇ ਫ਼ਿਰਕੂ ਦੰਗੇ ਭੜਕਾਉਣ ਦੀ ਭਾਰਤੀ ਸਾਜ਼ਿਸ਼ ਹਾਲ ਹੀ ਵਿਚ ਬੇਪਰਦ ਕੀਤੀ ਹੈ। ਇਸ ਸਿਲਸਿਲੇ ਅਧੀਨ ਗ੍ਰਿਫ਼ਤਾਰ ਕੀਤੇ ਗਏ ਬੰਦਿਆਂ ਵਿਚ ਪੀ.ਐੱਮ.ਐੱਲ.-ਐੱਨ. ਦੇ ਹਮਾਇਤੀ ਵੀ ਸ਼ਾਮਲ ਹਨ।
ਦੂਜੇ ਪਾਸੇ, ਅਜਿਹੇ ਦਾਅਵਿਆਂ ਨੂੰ ‘ਹਾਸੋਹੀਣਾ’ ਤੇ ‘ਮਨਘੜਤ’ ਦੱਸਦਿਆਂ ਪੀ.ਐੱਮ.ਐੱਲ.-ਐੱਨ ਨੇ ਕਿਹਾ ਹੈ ਕਿ ਅਜਿਹੇ ਦਾਅਵੇ ਦਰਸਾਉਂਦੇ ਹਨ ਕਿ ਇਮਰਾਨ ਸਰਕਾਰ ਆਪਣੇ ਵਿਰੋਧੀਆਂ ਨੂੰ ਦਬਾਉਣ ਵਾਸਤੇ ਕਿਸ ਕਿਸ ਕਿਸਮ ਦੇ ਗ਼ੈਰ-ਜਮਹੂਰੀ ਤੇ ਗ਼ੈਰ-ਕਾਨੂੰਨੀ ਹਥਕੰਡੇ ਵਰਤ ਸਕਦੀ ਹੈ।
* * *
ਕੈਪਟਨ ਸਫ਼ਦਰ ਖ਼ਿਲਾਫ਼ ਕੇਸ
ਸੂਬਾ ਪੰਜਾਬ ਵਿਚ ਪੀ.ਐੱਮ.ਐੱਲ.-ਐੱਨ ਦੇ ਪ੍ਰਮੁੱਖ ਨੇਤਾ ਕੈਪਟਨ ਸਫ਼ਦਰ ਖ਼ਿਲਾਫ਼ ‘ਪਾਕਿਸਤਾਨ-ਵਿਰੋਧੀ’ ਟਿੱਪਣੀਆਂ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਰੋਜ਼ਨਾਮਾ ‘ਦਿ ਨੇਸ਼ਨ’ ਦੀ ਰਿਪੋਰਟ ਮੁਤਾਬਿਕ ਨਵਾਜ਼ ਸ਼ਰੀਫ਼ ਦੀ ਪਾਰਟੀ ਦੇ ਗੁੱਜਰਾਂਵਾਲਾ ਜ਼ਿਲ੍ਹੇ ਤੋਂ ਵਿਧਾਇਕ ਇਮਰਾਨ ਖ਼ਾਲਿਦ ਬੱਟ ਨੂੰ ਵੀ ਇਸੇ ਕੇਸ ਵਿਚ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ। ਗੁੱਜਰਾਂਵਾਲਾ ਪੁਲੀਸ ਵੱਲੋਂ ਦਰਜ ਐਫ.ਆਈ.ਆਰ. ਅਨੁਸਾਰ ਪਾਕਿਸਤਾਨ ਦੀਆਂ ਵਿਰੋਧੀ ਧਿਰਾਂ ਦੇ ਸਾਂਝੇ ਰੋਸ ਮਾਰਚ ਦੀਆਂ ਤਿਆਰੀਆਂ ਦੇ ਸਿਲਸਿਲੇ ਵਿਚ ਵਿਧਾਇਕ (ਐਮਪੀਏ) ਬੱਟ ਦੇ ਘਰ ਵਿਚ ਇਕ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕੈਪਟਨ ਸਫ਼ਦਰ ਨੇ ‘ਪਾਕਿਸਤਾਨ-ਵਿਰੋਧੀ’ ਟਿੱਪਣੀਆਂ ਕੀਤੀਆਂ ਅਤੇ ਨੌਜਵਾਨਾਂ ਨੂੰ ਹਿੰਸਾ ਲਈ ਉਕਸਾਇਆ। ਇਸੇ ਦੌਰਾਨ ਪੀ.ਐਮ.ਐਲ. (ਐਨ) ਨੇ ਕੇਸ ਦਰਜ ਕੀਤੇ ਜਾਣ ਨੂੰ ‘ਸਿਆਸੀ ਬਦਲਾਖੋ਼ਰੀ’ ਕਰਾਰ ਦਿੱਤਾ ਹੈ। ਪਾਰਟੀ ਨੇ ਇਕ ਮੀਡੀਆ ਰਿਲੀਜ਼ ਰਾਹੀਂ ਕਿਹਾ ਕਿ ਹਰ ਸਰਕਾਰ-ਵਿਰੋਧੀ ਕਦਮ ਨੂੰ ‘ਪਾਕਿਸਤਾਨ-ਵਿਰੋਧੀ’ ਦੱਸਣਾ ਸਰਕਾਰ ਦੇ ਅੰਦਰ ਜਿਗਰੇ ਦੀ ਘਾਟ ਦੀ ਨਿਸ਼ਾਨੀ ਹੈ।
* * *
ਬਾਸਮਤੀ ਦਾ ਸੰਕਟ
ਸੂਬਾ ਪੰਜਾਬ ਦੀ ਬਾਸਮਤੀ ਪੱਟੀ ਵਿਚ ਇਕ ਪਾਸੇ ਬਾਸਮਤੀ ਦੀ ਫ਼ਸਲ ਉਤੇ ਬਿਮਾਰੀਆਂ ਤੇ ਕੀੜਿਆਂ ਨੇ ਹਮਲਾ ਕਰ ਦਿੱਤਾ ਹੈ ਅਤੇ ਦੂਜੇ ਪਾਸੇ ਇਸ ਫ਼ਸਲ ਤੋਂ ਬਾਸਮਤੀ ਵਾਲਾ ਰੁਤਬਾ ਖੁੱਸਣ ਦਾ ਖ਼ਤਰਾ ਵੀ ਕਾਸ਼ਤਕਾਰਾਂ ਦੇ ਸਿਰਾਂ ’ਤੇ ਮੰਡਰਾ ਰਿਹਾ ਹੈ। ਰੋਜ਼ਨਾਮਾ ‘ਜੰਗ’ ਦੀ ਰਿਪੋਰਟ ਅਨੁਸਾਰ ਕੀਟਨਾਸ਼ਕਾਂ ਦੇ ਕਈ ਛਿੜਕਾਆਂ ਦੇ ਬਾਵਜੂਦ ਗੁੱਜਰਾਂਵਾਲਾ, ਸਿਆਲਕੋਟ, ਨਾਰੋਵਾਲ, ਹਾਫ਼ਿਜ਼ਾਬਾਦ ਤੇ ਸ਼ੇਖ਼ੂਪੁਰਾ ਜ਼ਿਲ੍ਹਿਆਂ ਦੀ ਚਨਾਬ ਦਰਿਆ ਦੇ ਨਾਲ ਨਾਲ ਪੈਂਦੀ ਪੱਟੀ ਵਿਚ ਬਾਸਮਤੀ ਦੀ ਫ਼ਸਲ ਬਹੁਤੀ ਜਾਨਦਾਰ ਨਹੀਂ ਰਹੀ। ਇਨ੍ਹਾਂ ਕਾਸ਼ਤਕਾਰਾਂ ਵਾਸਤੇ ਇਸ ਤੋਂ ਵੀ ਵੱਡਾ ਖ਼ਤਰਾ ਭਾਰਤ ਨੇ ਖੜ੍ਹਾ ਕੀਤਾ ਹੈ। ਭਾਰਤ ਨੇ ਯੂਰੋਪੀਅਨ ਯੂਨੀਅਨ (ਈ.ਯੂ.) ਦੀ ਮਿਆਰੀ ਫ਼ਸਲਾਂ ਤੇ ਖ਼ੁਰਾਕੀ ਵਸਤਾਂ ਬਾਰੇ ਕਾਉਂਸਿਲ ਕੋਲ ਦਰਖ਼ਾਸਤ ਦਾਇਰ ਕਰਕੇ ਭਾਰਤ ਨੂੰ ਬਾਸਮਤੀ ਪੈਦਾ ਕਰਨ ਵਾਲੇ ਇੱਕੋਇਕ ਮੁਲਕ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਭਾਰਤ ਨੇ ਇਸ ਅਰਜ਼ੀ ਵਿਚ ਦਾਅਵਾ ਕੀਤਾ ਹੈ ਕਿ ਬਾਸਮਤੀ, ਨਿਰੋਲ ਭਾਰਤੀ ਉਤਪਾਦ ਹੈ। ਲਿਹਾਜ਼ਾ ਕਿਸੇ ਵੀ ਹੋਰ ਮੁਲਕ ਦੇ ਮਹਿਕਦਾਰ ਚੌਲਾਂ ਨੂੰ ਬਾਸਮਤੀ ਨਾ ਮੰਨਿਆ ਜਾਵੇ। ਰਿਪੋਰਟ ਮੁਤਾਬਿਕ ਭਾਰਤੀ ਦਰਖ਼ਾਸਤ ਦਾ ਟਾਕਰਾ ਕਰਨ ਲਈ ਪਾਕਿਸਤਾਨ ਕੋਲ ਦਸੰਬਰ ਤਕ ਦਾ ਸਮਾਂ ਹੈ। ਜੇਕਰ ਇਸ ਸਮੇਂ ਦੌਰਾਨ ਭਾਰਤੀ ਦਾਅਵਿਆਂ ਦਾ ਬਾਸਬੂਤ ਖੰਡਨ ਨਹੀਂ ਕੀਤਾ ਜਾਂਦਾ ਤਾਂ ਪਾਕਿਸਤਾਨੀ ਕਾਸ਼ਤਕਾਰ ਤੇ ਬਰਾਮਦਕਾਰ, ਯੂਰੋਪੀਅਨ ਮਾਰਕੀਟ ਹਮੇਸ਼ਾ ਲਈ ਗੁਆ ਬੈਠਣਗੇ। ਉਂਜ ਵੀ, ਚਨਾਬ ਪੱਟੀ ਵਿਚ ਬਾਸਮਤੀ ਦੀ ਕਾਸ਼ਤ ਸਦੀਆਂ ਤੋਂ ਹੁੰਦੀ ਆ ਰਹੀ ਹੈ। ਲਿਹਾਜ਼ਾ, ਬਾਸਮਤੀ ਦੇ ਜੀ.ਆਈ. ਟੈਗ ਉਪਰ ਪਾਕਿਸਤਾਨ ਦਾ ਵੱਧ ਹੱਕ ਬਣਦਾ ਹੈ।
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬਾਸਮਤੀ ਦੀ ਬਰਾਮਦੀ ਮੰਡੀ ਦੇ 65 ਫ਼ੀਸਦੀ ਹਿੱਸੇ ਉਤੇ ਭਾਰਤ ਕਾਬਜ਼ ਹੈ, ਬਾਕੀ 35 ਫ਼ੀਸਦੀ ਹਿੱਸਾ ਪਾਕਿਸਤਾਨ ਲਈ ਖੁੱਲ੍ਹਾ ਹੈ। ਇਸ ਹਿੱਸੇਦਾਰੀ ਨੂੰ ਹਰ ਹਾਲ ਬਚਾਇਆ ਜਾਣਾ ਚਾਹੀਦਾ ਹੈ। ਰਿਪੋਰਟ ਵਿਚ ਸ਼ਿਕਵਾ ਕੀਤਾ ਗਿਆ ਹੈ ਕਿ ਜਿੱਥੇ ਭਾਰਤ ਸਰਕਾਰ, ਭਾਰਤੀ ਕਾਸ਼ਤਕਾਰਾਂ ਦੇ ਹਿੱਤਾਂ ਦੀ ਹਿਫ਼ਾਜ਼ਤ ਲਈ ਜ਼ੋਰਦਾਰ ਰਣਨੀਤੀ ਅਪਣਾਉਂਦੀ ਆਈ ਹੈ, ਉੱਥੇ ਪਾਕਿਸਤਾਨ ਸਰਕਾਰ ਆਪਣੇ ਕਿਸਾਨਾਂ ਦੀ ਹਿੱਤ-ਪੂਰਤੀ ਪੱਖੋਂ ਅਵੇਸਲੀ ਰਹੀ ਹੈ। ਹੁਣ ਵੀ ਬਾਸਮਤੀ ਦੇ ਮਾਮਲੇ ਵਿਚ ਉਸ ਨੇ ਨਾ ਕੋਈ ਨਿੱਗਰ ਜਵਾਬੀ ਰਣਨੀਤੀ ਅਪਣਾਈ ਹੈ ਅਤੇ ਨਾ ਹੀ ਮਾਹਿਰ ਲਾਮਬੰਦ ਕੀਤੇ ਹਨ। ਇਸ ਕਿਸਮ ਦੀ ਢਿੱਲ-ਮੱਠ ਪਾਕਿਸਤਾਨ ਨੂੰ ਪੁੱਠੀ ਪੈ ਸਕਦੀ ਹੈ।
– ਪੰਜਾਬੀ ਟ੍ਰਿਬਿਊਨ ਫੀਚਰ