ਮਨਪ੍ਰੀਤ ਸਿੰਘ
ਮਾਨਸਰ, 21 ਨਵੰਬਰ
ਦੇਸ਼ ਭਰ ਦੀਆਂ ਪੰਜ ਸੌ ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ‘ਦਿੱਲੀ ਚੱਲੋ’ ਦੇ ਦਿੱਤੇ ਸੱਦੇ ਦੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਦੀ ਬੈਠਕ ਵਿਜੇ ਕੁਮਾਰ ਬਹਬਿਲ ਮੰਜ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਹਕੂਮਤ ਵੱਲੋਂ ਗੱਲਬਾਤ ਦਾ ਸੱਦਾ ਦੇ ਕੇ ਅਤੇ ਦਿੱਲੀ ਸੱਦ ਕੇ ਮੰਗਾਂ ਪ੍ਰਤੀ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ ਜਾ ਰਿਹਾ। ਇਸ ਕਾਰਨ 26 ਤੇ 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੂਬਿਆਂ ਨੂੰ ਕੇਂਦਰ ਸਰਕਾਰ ਨਿਸ਼ਾਨਾ ਬਣਾ ਰਹੀ ਹੈ।
ਇਸੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਮਾਨਸਰ ਟੌਲ ਪਲਾਜ਼ਾ ’ਤੇ ਵਿੱਢਿਆ ਸੰਘਰਸ਼ 42ਵੇਂ ਦਿਨ ਵੀ ਜਾਰੀ ਰਿਹਾ। ਇਸ ਸਮੇਂ ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਹਕੂਮਤ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਬੀਕੇਯੂ ਏਕਤਾ ਉਗਰਾਹਾਂ ਵੱਲੋਂ ਦਿੱਲੀ ਦੇ ਮੁਜ਼ਾਹਰੇ ਦੀ ਤਿਆਰੀ ਸਬੰਧੀ ਪਿੰਡ ਸੇਖਵਾਂ, ਮੰਜਿਆਂਵਾਲੀ ਅਤੇ ਹੋਰ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਹੋਈਆਂ। ਇਸ ਮੌਕੇ ਕਿਸਾਨ ਆਗੂਆਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਾਗਰੂਕ ਕੀਤਾ। ਆਗੂਆਂ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਦਿੱਲੀ ਜਾਣ ਲਈ ਲੰਗਰ ਇਕੱਠਾ ਕਰ ਕੇ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ, ਚੈਂਚਲ ਸਿੰਘ, ਪਲਵਿੰਦਰ ਸਿੰਘ, ਸੁਰਜੀਤ ਕੌਰ, ਰਜਿੰਦਰ ਕੌਰ, ਗੁਰਮੀਤ ਕੌਰ ਅਤੇ ਹਰਦੀਪ ਸਿੰਘ ਹਾਜ਼ਰ ਸਨ।
ਭੁਲੱਥ (ਦਲੇਰ ਸਿੰਘ ਚੀਮਾ): ਬੀਕੇਯੂ ਕਾਦੀਆਂ ਦੇ ਮੈਂਬਰਾਂ ਵੱਲੋਂ ਅੱਜ ਗੁਰਦੁਆਰਾ ਸੁੱਖ ਸਾਗਰ ਬੇਰੀਆਂ ਵਿੱਚ ਦਿੱਲੀ ਮਾਰਚ ਲਈ ਵਿਉਂਤਬੰਦੀ ਕਰਨ ਵਾਸਤੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਸ੍ਰੀ ਲਿਟਾਂ ਨੇ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਹਰ ਪਿੰਡ ਵਿੱਚੋਂ ਇੱਕ ਟਰੈਕਟਰ ਟਰਾਲੀ ਭਰ ਕੇ ਆਉਣ।
ਮੁਕੇਰੀਆਂ (ਜਗਜੀਤ ਸਿੰਘ): ‘ਆਪ’ ਨੇ ਕਿਸਾਨੀ ਝੰਡੇ ਹੇਠਾਂ ਪਿੰਡਾਂ ਵਿੱਚ 25-26 ਦੇ ਦਿੱਲੀ ਚੱਲੋ ਪ੍ਰੋਗਰਾਮ ਤਹਿਤ ਲਾਮਬੰਦੀ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਸਾਬਕਾ ਹਲਕਾ ਇੰਚਾਰਜ ਗੁਰਧਿਆਨ ਸਿੰਘ ਮੁਲਤਾਨੀ ਦੀ ਅਗਵਾਈ ਵਾਲੀ ਟੀਮ ਵਲੋਂ ਕਰੀਬ ਦਰਜਨ ਪਿੰਡਾਂ ਵਿੱਚ ਪਾਰਟੀ ਕਾਰਕੁਨਾਂ ਨੂੰ ਦਿੱਲੀ ਚੱਲਣ ਲਈ ਲਾਮਬੰਦ ਕੀਤਾ ਗਿਆ। ਪ੍ਰੋ. ਮੁਲਤਾਨੀ ਨੇ ਕਿਹਾ ਕਿ ਇਹ ਲਾਮਬੰਦੀ ਸਿਆਸੀ ਨਾ ਹੋ ਕੇ ਕਿਸਾਨੀ ਝੰਡੇ ਹੇਠਾਂ ਕੀਤੀ ਜਾ ਰਹੀ ਹੈ, ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਆਗੂਆਂ ਨੇ ਪਿੰਡ ਚੱਕ ਸਿੰਘਾ ਵਿਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਮੀਟਿੰਗ ਕਰ ਕੇ ਦਿੱਲੀ ਕੂਚ ਕਰਨ ਦੀਆਂ ਤਿਆਰੀਆਂ ਲਈ 35 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ ਕੀਤੀ।
ਗੜ੍ਹਸ਼ੰਕਰ (ਜੇ.ਬੀ.ਸੇਖੋਂ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 26-27 ਦੇ ਦਿੱਲੀ ਧਰਨੇ ਦੀ ਸਫ਼ਲਤਾ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਗੋਲੇਵਾਲ ਵਿੱਚ ਗਿਆਰਾਂ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਤੇ ਤਹਿਸੀਲ ਪ੍ਰਧਾਨ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਖੇਤਰ ਦੇ ਕਿਸਾਨਾਂ ਨੂੰ ਧਰਨੇ ਸਬੰਧੀ ਲਾਮਬੰਦ ਕੀਤਾ ਜਾ ਰਿਹਾ ਹੈ।