ਜੇਬੀ ਸੇਖੋਂ
ਗੜ੍ਹਸ਼ੰਕਰ, 21 ਨਵੰਬਰ
ਕਾਂਗਰਸ ਦੀ ਸੀਨੀਅਰ ਆਗੂ ਨਿਮਿਸ਼ਾ ਮਹਿਤਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਕਰੋਨਾ ਮਹਾਮਾਰੀ ਦੇ ਬਾਵਜੂਦ ਝੋਨੇ ਦੀ ਫ਼ਸਲ ਚੁੱਕ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਰਾਖੇ ਵਜੋਂ ਉੱਭਰੇ ਹਨ। ਇੱਥੋਂ ਜਾਰੀ ਪ੍ਰੈੱਸ ਬਿਆਨ ’ਚ ਨਿਮਿਸ਼ਾ ਮਹਿਤਾ ਨੇ ਦਾਅਵਾ ਕੀਤਾ ਕਿ ਭਾਜਪਾ ਸ਼ਾਸਿਤ ਰਾਜਾਂ ਵਿੱਚ ਝੋਨੇ ਦਾ ਭਾਅ ਘੱਟ ਲੱਗਾ ਹੈ ਜਦੋਂਕਿ ਪੰਜਾਬ ਵਿੱਚ 1888 ਰੁਪਏ ਦਿੱਤੇ ਗਏ ਜੋ ਕਿ ਐੱਮਐੱਸਪੀ ਮਿਥਿਆ ਗਿਆ ਸੀ। ਕੇਂਦਰ ਸਰਕਾਰ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ a ਹੈ। ਮਾਲ ਗੱਡੀਆਂ ਬੰਦ ਕਰਕੇ ਜਿਹੜਾ ਬਾਰਦਾਨਾ ਕੋਲਕਾਤਾ ਤੋਂ ਆਉਣਾ ਸੀ ਉਹ ਨਹੀਂ ਆ ਸਕਿਆ। ਝੋਨਾ ਵੇਚਣ ਦੇ ਦੋ ਦਿਨਾਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਪੈਸੇ ਪਾਏ ਗਏ।
ਉਨ੍ਹਾਂ ਕਿਹਾ ਕਿ ਕੇਂਦਰ ਖੇਤੀ ਕਾਨੂੰਨ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਲੇਰੀ ਦਿਖਾਉਦਿਆਂ ਪੰਜਾਬ ਵਿਧਾਨ ਸਭਾ ਵਿਚ ਕੇਂਦਰ ਦੇ ਕਾਨੂੰਨਾਂ ਨੂੰ ਸਰਬਸੰਮਤੀ ਨਾਲ ਰੱਦ ਕਰਵਾਇਆ ਅਤੇ ਫਿਰ ਘੱਟੋ-ਘੱਟ ਸਮਰਥਨ ਮੁੱਲ ’ਤੇ ਕਣਕ ਤੇ ਝੋਨਾ ਖ਼ਰੀਦਣ ਲਈ ਬਿੱਲ ਪਾਸ ਕੀਤਾ।
ਜ਼ਿਕਰਯੋਗ ਹੈ ਕਿ ਊਨ੍ਹਾਂ ਪਿੰਡ ਘਾਗੋਂ ਰੋੜਾਵਾਲੀ ਵਿਚ ਪਿੰਡ ਦੀਆਂ ਔਰਤਾਂ ਦੀ ਮੰਗ ’ਤੇ ਗਲੀਆਂ ਵਿੱਚ ਇੰਟਰਲਾਕ ਟਾਈਲ ਦਾ ਕੰਮ ਸ਼ੁਰੂ ਕਰਵਾਇਆ ਹੈ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਗੜ੍ਹਸ਼ੰਕਰ ਹਲਕੇ ਦੇ ਕਿਸੇ ਵੀ ਪਿੰਡ ਦੇ ਵਿਕਾਸ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸੇ ਦੌਰਾਨ ਪਿੰਡ ਦੀਆਂ ਔਰਤਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ।