ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 21 ਫਰਵਰੀ
ਇੱਥੋਂ ਦੇ ਕੁੱਝ ਸਮਾਜ ਸੇਵਕਾਂ ਤੇ ਵਿਦਿਆਰਥੀ ਵਾਲੰਟੀਅਰਾਂ ਵੱਲੋਂ ਬੀਤੇ ਦਿਨਾਂ ਦੌਰਾਨ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਵੱਲੋਂ ਲੋਕਾਂ ਦੇ ਘਰਾਂ ਅਤੇ ਸਾਂਝੀਆਂ ਇਮਾਰਤਾਂ ਦੀਆਂ ਕੰਧਾਂ ’ਤੇ ਲਾਏ ਪੋਸਟਰ ਆਦਿ ਉਤਾਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਕਰੀਬ ਸਾਰੇ ਉਮੀਦਵਾਰਾਂ ਦੇ ਸਮਰਥਕਾਂ ਨੇ ਆਪਣੇ ਆਗੂਆਂ ਨੂੰ ਖ਼ੁਸ਼ ਕਰਨ ਲਈ ਵੱਡੇ-ਵੱਡੇ ਬੈਨਰ ਤੇ ਪੋਸਟਰ ਲਗਾ ਕੇ ਲੋਕਾਂ ਦੀਆਂ ਇਮਾਰਤਾਂ ਦੀ ਦਿਖ ਖ਼ਰਾਬ ਕਰ ਦਿੱਤੀ ਸੀ। ਇਸ ਦੌਰਾਨ ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਸਬੰਧਿਤ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੌਰਾਨ ਪਾਇਆ ‘ਗੰਦ’ ਸਾਫ਼ ਕਰਨ ਲਈ ਪਾਬੰਦ ਕਰੇ। ਭਾਵੇਂ ਚੋਣ ਕਮਿਸ਼ਨ ਨੇ ਸਖ਼ਤ ਹਦਾਇਤ ਕੀਤੀ ਸੀ ਕਿ ਸਾਰੇ ਉਮੀਦਵਾਰ ਪੰਜਾਬ ਪਰਿਵੈਂਸਨ ਆਫ ਪ੍ਰਾਪਰਟੀ ਡਿਫੇਸਮੈਂਟ ਐਕਟ ਦੀ ਪਾਲਣਾ ਹਰ ਹਾਲ ਵਿੱਚ ਕਰਨਗੇ ਪਰ ਸਾਰੇ ਹੀ ਉਮੀਦਵਾਰਾਂ ਨੇ ਇਨ੍ਹਾਂ ਹੁਕਮਾਂ ਨੂੰ ਛਿੱਕੇ ਟੰਗਦਿਆਂ ਭਾਰੀ ਗਿਣਤੀ ਵਿੱਚ ਪੋਸਟਰ ਆਦਿ ਲਗਾਏ ਸਨ। ਲੋਕਾਂ ਨੇ ਵੀ ਲੜਾਈ ਝਗੜੇ ਤੋਂ ਡਰਦਿਆਂ ਪੋਸਟਰ ਲਗਾਉਣ ਵਾਲਿਆਂ ਨੂੰ ਵਰਜਿਆ ਨਹੀਂ। ਹੁਣ ਹਾਲਤ ਇਹ ਹੈ ਕਿ ਸਾਰੇ ਇਲਾਕੇ ਵਿੱਚ ਇਮਾਰਤਾਂ ਦੀਆਂ ਕੰਧਾਂ ਰੰਗ-ਬਰੰਗੇ ਪੋਸਟਰਾਂ ਨਾਲ ਭਰੀਆਂ ਪਈਆਂ ਹਨ।
ਰਾਮ ਮੰਦਰ ਕਮੇਟੀ ਦੇ ਚੇਅਰਮੈਨ ਦੀਪਕ ਸ਼ਰਮਾ ਅਤੇ ਭਗਤ ਰਵੀਦਾਸ ਵੈਲਫੇਅਰ ਕਮੇਟੀ ਦੇ ਆਹੁਦੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਦੀ ਮਦਦ ਨਾਲ ਕੰਧਾਂ ਦੀ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵਿਨੇ ਗੋਇਲ ਨੇ ਦੱਸਿਆ ਕਿ ਸਕੂਲ ਦੀਆਂ ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਵੀ ਆਪਣੇ ਆਪਣੇ ਖੇਤਰ ਵਿੱਚ ਪੋਸਟਰ ਉਤਾਰ ਕੇ ਕੰਧਾਂ ਸਾਫ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।