ਪ੍ਰਭੂ ਦਿਆਲ
ਸਿਰਸਾ, 21 ਨਵੰਬਰ
ਨਵਜਾਤ ਬੱਚੀ ਨੂੰ ਨਾਟਕੀ ਢੰਗ ਨਾਲ ਹਸਪਤਾਲ ‘ਚ ਛੱਡ ਕੇ ਔਰਤ ਵਾਪਸ ਨਾ ਮੁੜੀ। ਜਦੋਂ ਸ਼ਾਮ ਤੱਕ ਉਹ ਵਾਪਸ ਹਸਪਤਾਲ ਨਹੀਂ ਆਈ ਤਾਂ ਡਾ. ਵਿਜੈ ਪਾਲ ਯਾਦਵ ਨੇ ਸ਼ਹਿਰ ਥਾਣਾ ਵਿੱਚ ਇਸ ਦੀ ਸ਼ਿਕਾਇਤ ਕਰ ਦਿੱਤੀ। ਪੁਲੀਸ ਨੇ ਅਣਪਛਾਤੀ ਮਹਿਲਾ ਖ਼ਿਲਾਫ਼ ਕੇਸ ਦਰਜ ਕਰ ਲਿਆ। ਮਹਿਲਾ ਦਾ ਪਤਾ ਲਾਉਣ ਲਈ ਪੁਲੀਸ ਅੱਜ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਦੀ ਰਹੀ।
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਸਵੇਰੇ ਕਰੀਬ 11 ਵਜੇ ਸਿਵਲ ਹਸਪਤਾਲ ਵਿੱਚ ਇੱਕ ਮਹਿਲਾ ਨਵਜਾਤ ਬੱਚੀ ਨੂੰ ਲੈ ਕੇ ਆਈ। ਉਸ ਨੇ ਹਸਪਤਾਲ ਸਟਾਫ ਨੂੰ ਦੱਸਿਆ ਕਿ ਉਸ ਦੀ ਰਿਕਸ਼ੇ ਵਿੱਚ ਡਿਲੀਵਰੀ ਹੋਈ ਹੈ। ਬੱਚੀ ਦੀ ਹਾਲਤ ਖ਼ਰਾਬ ਦੇਖ ਕੇ ਸਟਾਫ ਨੇ ਉਸ ਨੂੰ ਬਾਲ ਨਰਸਰੀ ਵਿੱਚ ਦਾਖਲ ਕਰ ਲਿਆ। ਸਟਾਫ ਨੇ ਜਦੋਂ ਉਸ ਮਹਿਲਾ ਦਾ ਨਾਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਦਾ ਨਾਂ ਆਰਤੀ ਹੈ, ਪਤਾ ਪੁੱਛਣ ‘ਤੇ ਮਹਿਲਾ ਨੇ ਕਿਹਾ ਕਿ ਉਹ ਸਾਰੇ ਕਾਗਜ਼ਾਤ ਲੈ ਕੇ ਹੁਣੇ ਆਉਂਦੀ ਹੈ। ਸ਼ਾਮ ਤੱਕ ਮਹਿਲਾ ਵਾਪਸ ਨਹੀਂ ਆਈ ਤਾਂ ਹਸਪਤਾਲ ਪ੍ਰਸ਼ਾਸਨ ਨੇ ਬਾਲ ਕਲਿਆਣ ਸਮਿਤੀ ਨੂੰ ਸਾਰੀ ਜਾਣਕਾਰੀ ਦਿੱਤੀ ਅਤੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਸ਼ਾਮ ਸਾਢੇ 6 ਵਜੇ ਬਾਲ ਕਲਿਆਣ ਸਮਿਤੀ ਦੀ ਪ੍ਰਧਾਨ ਅਨੀਤਾ ਵਰਮਾ ਅਤੇ ਮੈਂਬਰ ਪ੍ਰਦੀਪ ਕੁਮਾਰ ਹਸਪਤਾਲ ਵਿੱਚ ਪਹੁੰਚੇ ਅਤੇ ਨਵਜਾਤ ਬੱਚੀ ਨੂੰ ਆਪਣੀ ਨਿਗਰਾਨੀ ਵਿੱਚ ਲਿਆ।
ਸਮਿਤੀ ਨੇ ਹਸਪਤਾਲ ਪ੍ਰਸ਼ਾਸਨ ਨੂੰ ਕਿਹਾ ਕਿ ਜਦੋਂ ਤੱਕ ਬੱਚੀ ਦੇ ਮਾਂ-ਪਿਓ ਦਾ ਪਤਾ ਨਹੀਂ ਲੱਗ ਜਾਂਦਾ ਬੱਚੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਹਸਪਤਾਲ ਪ੍ਰਸ਼ਾਸਨ ਦੀ ਹੋਵੇਗੀ। ਅੱਜ ਵੀ ਸਮਿਤੀ ਦੀ ਟੀਮ ਹਸਪਤਾਲ ਪਹੁੰਚੀ ਅਤੇ ਬੱਚੀ ਦੀ ਸਿਹਤ ਦੀ ਜਾਣਕਾਰੀ ਡਾਕਟਰਾਂ ਤੋਂ ਲਈ। ਡਾਕਟਰਾਂ ਨੇ ਸਮਿਤੀ ਨੂੰ ਦੱਸਿਆ ਕਿ ਬੱਚੀ ਦੀ ਸਿਹਤ ਹੁਣ ਠੀਕ ਹੈ।