ਨਵੀਂ ਦਿੱਲੀ, 4 ਅਕਤੂਬਰ
ਯੂਨੀਸੈੱਫ ਭਾਰਤ (ਪੋਸ਼ਣ) ਦੇ ਮੁਖੀ ਅਰਜਨ ਡੇ ਵਾਗਟ ਨੇ ਕਿਹਾ ਹੈ ਕਿ ਕੌਮੀ ਪੋਸ਼ਣ ਮਿਸ਼ਨ ਨੂੰ ਕਰੋਨਾਵਾਇਰਸ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ’ਤੇ ਵਾਪਸ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੋਸ਼ਣ ਮੁਹਿੰਮ ਤਹਿਤ ਸਾਰੇ ਪ੍ਰੋਗਰਾਮ ਮੁੜ ਤੋਂ ਲਾਗੂ ਕਰਨ ਦੀ ਲੋੜ ਹੈ। ਵਾਗਟ ਨੇ ਕਿਹਾ, ‘ਸਾਨੂੰ ਪੋਸ਼ਣ ਮੁਹਿੰਮ ਨੂੰ ਉਸੇ ਪੱਧਰ ’ਤੇ ਵਾਪਸ ਲਿਆਉਣ ਦੀ ਲੋੜ ਹੈ ਜਿੱਥੇ ਅਸੀਂ ਜਨਵਰੀ (ਕੋਵਿਡ ਤੋਂ ਪਹਿਲਾਂ) ’ਚ ਸੀ। ਇਸ ਨੂੰ ਕਿਸੇ ਵੱਖਰੀ ਕਵਾਇਦ ਦੀ ਲੋੜ ਨਹੀਂ ਹੈ।
ਸਾਨੂੰ ਬਰਾਬਰ ਪ੍ਰੋਗਰਾਮਾਂ ਦੀ ਲੋੜ ਹੈ। ਸਾਨੂੰ ਏਕੀਕ੍ਰਿਤ ਬਾਲ ਵਿਕਾਸ ਸੇਵਾ (ਆਈਸੀਡੀਐੱਸ) ਨੂੰ ਅਮਲ ’ਚ ਲਿਆਉਣ, ਘਰੇ ਰਾਸ਼ਨ ਲਿਜਾਣ ਦੇਣ ਤੇ ਖੂਨ ਦੀ ਘਾਟ (ਅਨੀਮੀਆ) ਦੀ ਰੋਕਥਾਮ ਲਈ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਨੂੰ ਆਇਰਨ ਫੋਲਿਕ ਦੀਆਂ ਗੋਲੀਆਂ ਦੇਣ ਦਾ ਪ੍ਰੋਗਰਾਮ ਮੁੜ ਲਾਗੂ ਕਰਨ ਦੀ ਲੋੜ ਹੈ।’ ਵਾਗਟ ਅਨੁਸਾਰ ਕਈ ਮਾਮਲਿਆਂ ’ਚ ਮਹਾਮਾਰੀ ਕਾਰਨ ਪੋਸ਼ਣ ਨਾਲ ਸਬੰਧਤ ਵੱਖ ਵੱਖ ਪ੍ਰੋਗਰਾਮਾਂ ਦੇ ਅਮਲ ਲਈ ਬਦਲਵੇਂ ਢੰਗਾਂ ਨੂੰ ਦੇਖਣ ਦੀ ਲੋੜ ਹੈ।
ਉਨ੍ਹਾਂ ਕਿਹਾ, ‘ਕਈ ਮਾਮਲਿਆਂ ਨੂੰ ਏਕੀਕ੍ਰਿਤ ਦੀ ਲੋੜ ਹੈ। ਮਿਸਾਲ ਦੇ ਤੌਰ ’ਤੇ ਕਿਉਂਕਿ ਸਕੂਲ ਬੰਦ ਹਨ। ਬੱਚਿਆਂ ਨੂੰ ਉਹ ਭੋਜਨ ਪ੍ਰਾਪਤ ਕਰਨ ਦੀ ਲੋੜ ਹੈ ਜੋ ਉਨ੍ਹਾਂ ਨੂੰ ਸਕੂਲਾਂ ’ਚ ਮਿਲਦਾ ਸੀ। ਇਸ ਲਈ ਸਾਨੂੰ ਹੋਰ ਢੰਗ ਲੱਭਣ ਦੀ ਲੋੜ ਹੈ ਜਿਵੇਂ ਘਰ-ਘਰ ਰਾਸ਼ਨ ਲਿਜਾਣਾ।’ ਉਨ੍ਹਾਂ ਕਿਹਾ, ‘ਹਰ ਘਰ ਜਾਣ ਦੀ ਲੋੜ ਹੈ।
ਆਇਰਨ ਫੋਲਿਕ ਦੀਆਂ ਗੋਲੀਆਂ ਜੋ ਸਕੂਲਾਂ ’ਚ ਮੁੰਡੇ-ਕੁੜੀਆਂ ਨੂੰ ਵੰਡੀਆਂ ਜਾਂਦੀਆਂ ਹਨ, ਉਨ੍ਹਾਂ ਲੋਕਾਂ ਨੂੰ ਦਿੱਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਰਾਹੀਂ ਇਸ ਦੀ ਲੋੜ ਪੂਰੀ ਹੁੰਦੀ ਹੈ।’ ਵਾਗਟ ਨੇ ਕਿਹਾ ਕਿ ਭਾਰਤ ’ਚ ਕਰੋਨਾਵਾਇਰਸ, ਪੋਸ਼ਣ ਨੂੰ ਤਿੰਨ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਪਹਿਲਾ ਰੁਜ਼ਗਾਰ ਗੁਆਉਣ ਵਾਲੇ ਲੋਕਾਂ ਦੇ ਨਾਲ ਗਰੀਬੀ ਵੱਧ ਰਹੀ ਹੈ। ਗਰੀਬੀ ਨਾਲ ਖੁਰਾਕ ਦੀ ਅਸੁਰੱਖਿਆ ਹੁੰਦੀ ਹੈ।
ਦੂਜੀ ਇਹ ਕਿ ਸੇਵਾਵਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਗਿਆ ਅਤੇ ਤੀਜਾ ਇਹ ਕਿ ਪੋਸ਼ਣ ’ਤੇ ਧਿਆਨ ਦੇਣ ਦੇ ਮਾਮਲੇ ’ਚ ਇਸ ਸਮੇਂ ਅਗਵਾਈ ਕਿਵੇਂ ਪ੍ਰਭਾਵਿਤ ਹੋਈ।
-ਪੀਟੀਆਈ