ਨਵੀਂ ਦਿੱਲੀ, 4 ਅਕਤੂਬਰ
ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਨੇ ਐਲਾਨ ਕੀਤਾ ਹੈ ਕਿ ਉਹ ਬਿਹਾਰ ਵਿਚ ਨਿਤੀਸ਼ ਕੁਮਾਰ ਦੀ ਅਗਵਾਈ ’ਚ ਵਿਧਾਨ ਸਭਾ ਚੋਣ ਨਹੀਂ ਲੜੇਗੀ। ਇਸ ਤਰ੍ਹਾਂ ਬਿਹਾਰ ਵਿਚ ਚਿਰਾਗ ਪਾਸਵਾਨ ਦੀ ਪਾਰਟੀ ਇਕ ਤਰ੍ਹਾਂ ਨਾਲ ਐਨਡੀਏ ਵਿਚੋਂ ਬਾਹਰ ਹੋ ਗਈ ਹੈ। ਇਸ ਦੀ ਥਾਂ ਪਾਰਟੀ ਦੇ ਸੰਸਦੀ ਬੋਰਡ ਦੀ ਮੀਟਿੰਗ ਵਿਚ ਭਾਜਪਾ ਨਾਲ ਗੱਠਜੋੜ ਦੇ ਹੱਕ ਵਿਚ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਿਧਾਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਲਈ ਕੰਮ ਕਰਨਗੇ। ਐਲਜੇਪੀ ਨੇ ਐਲਾਨ ਕੀਤਾ ਹੈ ਕਿ ਪਾਰਟੀ ਜੇਡੀ(ਯੂ) ਉਮੀਦਵਾਰਾਂ ਖ਼ਿਲਾਫ਼ ਚੋਣ ਲੜੇਗੀ। ਲੋਕ ਜਨਸ਼ਕਤੀ ਪਾਰਟੀ ਨੇ ਕਿਹਾ ਕਿ ਉਹ ਭਵਿੱਖ ਵਿਚ ਭਾਜਪਾ ਦੀ ਸਰਕਾਰ ਬਿਹਾਰ ਵਿਚ ਦੇਖਣਾ ਚਾਹੁੰਦੇ ਹਨ। ਪਾਰਟੀ ਨੇ ਬਿਆਨ ਵਿਚ ਕਿਹਾ ਕਿ ਬਿਹਾਰ ਵਿਚ ਉਨ੍ਹਾਂ ਦੇ ਜੇਡੀ (ਯੂ) ਨਾਲ ਵਿਚਾਰਧਾਰਕ ਵਖ਼ਰੇਵੇਂ ਹਨ। ਇਸ ਲਈ ਸੂਬੇ ਵਿਚ ਉਹ ਐਨਡੀਏ ਨਾਲ ਜੁੜ ਕੇ ਚੋਣਾਂ ਨਹੀਂ ਲੜਨਗੇ। ਚਿਰਾਗ ਨੇ ਕਿਹਾ ਕਿ ਪਾਰਟੀ ਇਕੱਲੇ ਲੜੇਗੀ ਤੇ ਜਿੱਤੇਗੀ। ਹਾਲਾਂਕਿ ਐਲਜੇਪੀ ਕੇਂਦਰ ਵਿਚ ਐਨਡੀਏ ਦੀ ਭਾਈਵਾਲ ਬਣੀ ਰਹੇਗੀ। ਪਾਰਟੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਭਾਜਪਾ ਉਮੀਦਵਾਰਾਂ ਖ਼ਿਲਾਫ਼ ਚੋਣ ਨਹੀਂ ਲੜਨਗੇ। ਐਲਜੇਪੀ ਨੇ ਕਿਹਾ ਕਿ ਉਹ 243 ਸੀਟਾਂ ਵਿਚੋਂ 143 ਉਤੇ ਚੋਣ ਲੜਨਗੇ। ਭਾਜਪਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਬਿਹਾਰ ਵਿਚ ਐਨਡੀਏ ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਚੋਣਾਂ ਲੜੇਗਾ। ਚੋਣ ਕਮਿਸ਼ਨ ਨੇ ਬਿਹਾਰ ਚੋਣਾਂ ’ਚ ਖ਼ਰਚ ਦੀ ਨਿਗਰਾਨੀ ਲਈ ਭਾਰਤੀ ਰੈਵੇਨਿਊ ਸੇਵਾਵਾਂ ਦੇ ਦੋ ਸਾਬਕਾ ਅਧਿਕਾਰੀਆਂ ਨੂੰ ਵਿਸ਼ੇਸ਼ ਨਿਗਰਾਨ ਨਿਯੁਕਤ ਕੀਤਾ ਹੈ। ਸੇਵਾਮੁਕਤ ਆਈਆਰਐੱਸ ਅਧਿਕਾਰੀ ਮਧੂ ਮਹਾਜਨ ਤੇ ਬੀਆਰ ਬਾਲਾਕ੍ਰਿਸ਼ਨਨ ਚੋਣਾਂ ਦੌਰਾਨ ਵੋਟਰਾਂ ਨੂੰ ਪੈਸੇ ਨਾਲ ਭਰਮਾਉਣ, ਸ਼ਰਾਬ ਤੇ ਹੋਰ ਚੀਜ਼ਾਂ ਰਾਹੀਂ ਆਪਣੇ ਨਾਲ ਜੋੜਨ ਲਈ ਕੀਤੇ ਜਾਣ ਵਾਲੇ ਕਿਸੇ ਵੀ ਯਤਨ ਦੀ ਨਿਗਰਾਨੀ ਕਰਨਗੇ। ਬਿਹਾਰ ਵਿਚ ਵਿਧਾਨ ਸਭਾ ਚੋਣਾਂ ਤਿੰਨ ਗੇੜਾਂ ਵਿਚ 28 ਅਕਤੂਬਰ ਤੋਂ ਸ਼ੁਰੂ ਹੋਣਗੀਆਂ।
ਭਾਜਪਾ ਵੱਲੋਂ ਉਮੀਦਵਾਰਾਂ ਦੀ ਚੋਣ ਬਾਰੇ ਮੀਟਿੰਗ: ਬਿਹਾਰ ਵਿਧਾਨ ਸਭਾ ਚੋਣਾਂ ਬਾਰੇ ਅੱਜ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਬੈਠਕ ਕੀਤੀ। ਇਸ ਮੌਕੇ ਉਮੀਦਵਾਰਾਂ ਦੀ ਸੂਚੀ ਨੂੰ ਆਖ਼ਰੀ ਰੂਪ ਦੇਣ ’ਤੇ ਵੀ ਵਿਚਾਰ-ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਢਾ ਤੇ ਹੋਰ ਆਗੂ ਇਸ ਮੌਕੇ ਹਾਜ਼ਰ ਸਨ। ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਸ਼੍ਰੇਅਸੀ ਸਿੰਘ ਅੱਜ ਭਾਜਪਾ ਵਿਚ ਸ਼ਾਮਲ ਹੋ ਗਈ ਹੈ। ਸ਼੍ਰੇਅਸੀ ਦੇ ਪਿਤਾ ਦਿਗਵਿਜੈ ਸਿੰਘ ਬਿਹਾਰ ਦੇ ਉੱਘੇ ਆਗੂ ਹਨ ਤੇ ਉਸ ਦੇ ਚੋਣ ਲੜਨ ਦੀ ਕਾਫ਼ੀ ਸੰਭਾਵਨਾ ਹੈ।
-ਪੀਟੀਆਈ
ਚੋਣ ਕਮਿਸ਼ਨ ਵੱਲੋ ਪੋਸਟਲ ਬੈਲੇਟ ਲਈ ਨਵੀਆਂ ਹਦਾਇਤਾਂ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ 80 ਸਾਲ ਤੋਂ ਊਪਰ ਦੇ ਬਜ਼ੁਰਗਾਂ ਅਤੇ ਦਿਵਿਆਂਗਾਂ ਲਈ ਡਾਕ ਰਾਹੀਂ ਵੋਟਾਂ ਪਾਊਣ ਦੀ ਸਹੂਲਤ ਹੋਰ ਸੁਖਾਲੀ ਬਣਾਊਣ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਜਿਹੜੇ ਵਿਅਕਤੀ ਡਾਕ ਰਾਹੀਂ ਆਪਣੇ ਹੱਕ ਦੀ ਵਰਤੋਂ ਕਰਨਾ ਚਾਹੁੰਦੇ ਹਨ, ਊਨ੍ਹਾਂ ਨੂੰ ਹੁਣ ਬੂਥ ਪੱਧਰ ਦਾ ਅਧਿਕਾਰੀ (ਬੀਐੱਲਓ) ਘਰਾਂ ’ਚ ਹੀ ਫਾਰਮ ਪਹੁੰਚਾਏਗਾ। ਬੀਐੱਲਓ ਨੋਟੀਫਿਕੇਸ਼ਨ ਦੇ ਪੰਜ ਦਿਨਾਂ ਅੰਦਰ ਹੀ ਇਹ ਫਾਰਮ ਇਕੱਤਰ ਕਰਕੇ ਊਨ੍ਹਾਂ ਨੂੰ ਰਿਟਰਨਿੰਗ ਅਫ਼ਸਰ ਕੋਲ ਜਮਾਂ ਕਰਵਾਏਗਾ। ਚੋਣ ਕਮਿਸ਼ਨ ਨੇ ਕਿਹਾ ਕਿ ਇਹ ਨਿਰਦੇਸ਼ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਾਲ ਨਾਲ ਜ਼ਿਮਨੀ ਚੋਣਾਂ ’ਚ ਵੀ ਲਾਗੂ ਹੋਣਗੇ। ਇਕ ਅਧਿਕਾਰੀ ਨੇ ਕਿਹਾ ਕਿ ਡਾਕ ਰਾਹੀਂ ਵੋਟਾਂ ਦੀ ਸਹੂਲਤ ਨੌਕਰੀਪੇਸ਼ਾ ਵੋਟਰਾਂ ਨੂੰ ਦਿੱਤੀ ਗਈ ਸਹੂਲਤ ਨਾਲੋਂ ਵੱਖ ਹੋਵੇਗੀ।
-ਪੀਟੀਆਈ
ਆਰਜੇਡੀ ਵਿਚੋਂ ਕੱਢੇ ਆਗੂ ਦੀ ਗੋਲੀ ਮਾਰ ਕੇ ਹੱਤਿਆ
ਆਰਜੇਡੀ ਆਗੂ ਤੇਜਸਵੀ ਯਾਦਵ ਉਤੇ ਟਿਕਟ ਬਦਲੇ ਪੈਸੇ ਮੰਗਣ ਦਾ ਦੋਸ਼ ਲਾਉਣ ਵਾਲੇ ਦਲਿਤ ਆਗੂ ਸ਼ਕਤੀ ਮਲਿਕ (37) ਦੀ ਬਿਹਾਰ ਦੇ ਪੂਰਨੀਆ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਤਨੀ ਨੇ ਦੋਸ਼ ਲਾਇਆ ਕਿ ਇਹ ਸਿਆਸੀ ਹੱਤਿਆ ਹੈ ਕਿਉਂਕਿ ਉਸ ਦਾ ਪਤੀ ਆਜ਼ਾਦ ਉਮੀਦਵਾਰ ਵਜੋ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ। ਮਲਿਕ ਨੂੰ ਆਰਜੇਡੀ ਵਿਚੋਂ ਕੱਢ ਦਿੱਤਾ ਗਿਆ ਸੀ। ਊਧਰ ਮੁੰਗੇਰ ਜ਼ਿਲ੍ਹੇ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਅਸਲਾ ਬਰਾਮਦ ਕੀਤਾ ਗਿਆ ਹੈ।
ਮੁਕੇਸ਼ ਸਾਹਨੀ ਦੀ ‘ਵੀਆਈਪੀ’ ਸਾਰੀਆਂ ਸੀਟਾਂ ’ਤੇ ਲੜੇਗੀ ਚੋਣ
ਪਟਨਾ: ਬੌਲੀਵੁੱਡ ਦੇ ਸਾਬਕਾ ਸੈੱਟ ਡਿਜ਼ਾਈਨਰ ਮੁਕੇਸ਼ ਸਾਹਨੀ ਦੀ ਅਗਵਾਈ ਵਾਲੀ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਨੇ ਐਲਾਨ ਕੀਤਾ ਹੈ ਕਿ ਉਹ ਬਿਹਾਰ ਦੀਆਂ ਸਾਰੀਆਂ 243 ਸੀਟਾਂ ਤੋਂ ਚੋਣਾਂ ਲੜਨਗੇ। ਦੱਸਣਯੋਗ ਹੈ ਕਿ ਪਾਰਟੀ ਵਿਰੋਧੀ ਧਿਰ ਦੇ ਮਹਾਗੱਠਜੋੜ ਨਾਲੋਂ ਨਾਤਾ ਤੋੜ ਚੁੱਕੀ ਹੈ। ਸਾਹਨੀ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਕਈ ਸੀਟਾਂ ਜਿੱਤੇਗੀ ਤੇ ਸਰਕਾਰ ਕਾਇਮ ਕਰਨ ਵਿਚ ‘ਵੀਆਈਪੀ’ ਦੀ ਭੂਮਿਕਾ ਅਹਿਮ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਕੋਲ ਹਰੇਕ ਹਲਕੇ ਵਿਚ 25-30 ਹਜ਼ਾਰ ਵੋਟਾਂ ਹਨ।