ਗੁਰਿੰਦਰ ਸਿੰਘ
ਲੁਧਿਆਣਾ, 6 ਸਤੰਬਰ
ਫਿਲਮ ‘ਸੁਫ਼ਨਾ’ ਦੇ ਗੀਤ ‘ਕਬੂਲ ਹੈ’ ਵਿੱਚ ‘ਰਸੂਲ’ ਸ਼ਬਦ ਦੀ ਵਰਤੋਂ ਕਰਨ ਮਗਰੋਂ ਗਾਇਕ ਐਮੀ ਵਿਰਕ, ਗੀਤਕਾਰ ਜਾਨੀ ਅਤੇ ਪਿੰਕੀ ਧਾਲੀਵਾਲ ਨੇ ਅੱਜ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨਾਲ ਮੁਲਾਕਾਤ ਕਰ ਕੇ ਇਸ ਗਲਤੀ ਲਈ ਮੁਆਫ਼ੀ ਮੰਗੀ ਹੈ।
ਐਮੀ ਵਿਰਕ ਉਦੋਂ ਵਿਵਾਦਾਂ ’ਚ ਘਿਰ ਗਿਆ ਸੀ ਜਦੋਂ ਜਸਨੂਰ ਨਾਂ ਦੀ ਲੜਕੀ ਨੇ ਇਹ ਮਾਮਲਾ ਨਾਇਬ ਸ਼ਾਹੀ ਇਮਾਮ ਦੇ ਧਿਆਨ ਵਿੱਚ ਲਿਆ ਕੇ ਐਮੀ ਵਿਰਕ ਖ਼ਿਲਾਫ਼ ਮੁਸਲਿਮ ਭਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਇਸ ਮੌਕੇ ਐਮੀ ਵਿਰਕ, ਜਾਨੀ ਅਤੇ ਪਿੰਕੀ ਧਾਲੀਵਾਲ ਨੇ ਨਾਇਬ ਸ਼ਾਹੀ ਇਮਾਮ ਨਾਲ ਮੁਲਾਕਾਤ ਕਰ ਕੇ ਸਪੱਸ਼ਟ ਕੀਤਾ ਕਿ ‘ਸੁਫ਼ਨਾ’ ਫਿਲਮ ਦੇ ਗੀਤ ‘ਕਬੂਲ ਹੈ’ ਵਿੱਚ ‘ਰਸੂਲ’ ਸ਼ਬਦ ਦੀ ਵਰਤੋਂ ਅਣਜਾਣੇ ਵਿੱਚ ਹੋ ਗਈ ਹੈ। ਉਨ੍ਹਾਂ ਦੀ ਇਸ ਬਾਰੇ ਕੋਈ ਗਲਤ ਮਨਸ਼ਾ ਨਹੀਂ ਸੀ। ਜਾਨੀ ਨੇ ਕਿਹਾ ਕਿ ਉਨ੍ਹਾਂ ਲਈ ਸਾਰੇ ਧਰਮ ਸਤਿਕਾਰਯੋਗ ਹਨ। ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਫਿਲਮ ਦੀ ਟੀਮ ਦਾ ਆਪਣੀ ਗਲਤੀ ਮੰਨ ਲੈਣਾ ਸਹੀ ਕਦਮ ਹੈ। ਸਮਾਜਿਕ ਤੌਰ ’ਤੇ ਇਨ੍ਹਾਂ ਦੋਹਾਂ ਨੇ ਆਪਣੀ ਗਲਤੀ ਮੰਨਦੇ ਹੋਏ ਭਵਿੱਖ ’ਚ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣ ਦਾ ਵਾਅਦਾ ਕੀਤਾ ਹੈ। ਇਸ ਲਈ ਹੁਣ ਇਹ ਮਾਮਲਾ ਖ਼ਤਮ ਸਮਝਿਆ ਜਾਵੇ। ਇਸ ਮੌਕੇ ਮੁਹੰਮਦ ਮੁਸਤਕੀਮ ਅਹਿਰਾਰੀ, ਸ਼ਾਹਨਵਾਜ਼ ਖਾਨ ਅਹਿਰਾਰ, ਅਜ਼ਾਦ ਅਲੀ ਅਹਿਰਾਰ ਵੀ ਮੌਜੂਦ ਸਨ।