ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਫਰਵਰੀ
ਪਿਛਲੇ ਕਈ ਦਿਨਾਂ ਤੋਂ ਚੋਣ ਪ੍ਰਚਾਰ ’ਚ ਲੱਗੇ ਉਮੀਦਵਾਰਾਂ ਨੇ ਦਿਨ-ਰਾਤ ਚੋਣ ਪ੍ਰਚਾਰ ਕੀਤਾ। ਸੋਮਵਾਰ ਨੂੰ ਸਾਰੇ ਉਮੀਦਵਾਰ ਨੇ ਆਪਣੇ ਪਰਿਵਾਰ ਤੇ ਸਮਰਥਕਾਂ ਦੇ ਨਾਲ ਮਿਲ ਕੇ ਚੋਣਾਂ ਦੀ ਥਕਾਨ ਉਤਾਰੀ। ਕੁੱਝ ਉਮੀਦਵਾਰ ਤਾਂ ਆਪਣੇ ਆਪਣੇ ਕੰਮ ’ਤੇ ਵੀ ਚਲੇ ਗਏ। ਕਿਸੇ ਨੇ ਕੰਮ ’ਤੇ ਪਰਤਣ ਤੋਂ ਬਾਅਦ ਲੋਕਾਂ ਦਾ ਧੰਨਵਾਦ ਕੀਤਾ ਅਤੇ ਕੋਈ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਦਾ ਰਿਹਾ। ਕੁਝ ਉਮੀਦਵਾਰ ਤਾਂ ਈਵੀਐਮ ਮਸ਼ੀਨਾਂ ਦੇਖਣ ਦੇ ਲਈ ਵੱਖ-ਵੱਖ ਥਾਵਾਂ ’ਤੇ ਘੁੰਮਦੇ ਰਹੇ।
ਹਲਕਾ ਉਤਰੀ ਤੋਂ ਉਮੀਦਵਾਰ ਰਾਕੇਸ਼ ਪਾਂਡੇ ਨੇ ਪਰਿਵਾਰ ਨਾਲ ਸਮਾਂ ਗੁਜ਼ਾਰਿਆ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਪਰਿਵਾਰ ਦੇ ਨਾਲ ਕਾਫ਼ੀ ਘੱਟ ਸਮਾਂ ਗੁਜ਼ਾਰਿਆ ਹੈ। ਉਧਰ, ਕਾਂਗਰਸੀ ਉਮੀਦਵਾਰ ਸੁਰਿੰਦਰ ਡਾਵਰ ਨੇ ਵੀ ਪਰਿਵਾਰ ਨਾਲ ਸਮਾਂ ਬਤੀਤ ਕੀਤਾ। ਗੁਰਦੇਵ ਸ਼ਰਮਾ ਦੇਬੀ ਨੇ ਪਰਿਵਾਰ ਨਾਲ ਸਮਾਂ ਬਿਤਾਇਆ ਅਤੇ ਦੁਪਹਿਰ ਬਾਅਦ ਉਹ ਦਫ਼ਤਰ ਪੁੱਜ ਗਏ। ਹਲਕਾ ਆਤਮ ਨਗਰ ਦੀ ਗੱਲ ਕੀਤੀ ਜਾਵੇ ਤਾਂ ਹਰੀਸ਼ ਰਾਏ ਢਾਂਡਾ ਨੇ ਆਪਣੀ ਪਹਿਲਾਂ ਵਾਲੇ ਰੁਝੇਵੇਂ ਨੂੰ ਫਿਰ ਤੋਂ ਅਪਣਾਇਆ। ਉਹ ਸਿੱਧਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਤੇ ਉਥੋਂ ਅਦਾਲਤੀ ਕੰਪਲੈਕਸ ਪੁੱਜੇ। ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਉਹ ਕੇਸ ਨਹੀਂ ਦੇਖ ਪਾਏ ਸਨ। ਉੱਧਰ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਆਪਣੇ ਕਿਸੇ ਕੰਮ ਲਈ ਚੰਡੀਗੜ੍ਹ ਰਵਾਨਾ ਹੋ ਗਏ। ਭਾਜਪਾ ਉਮੀਦਵਾਰ ਬਿਕਰਮ ਸਿੱਧੂ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਸਮੇਂ ਕੋਈ ਕੇਸ ਨਹੀਂ ਦੇਖ ਪਾਏ ਸਨ, ਇਸ ਲਈ ਬਿਨ੍ਹਾ ਸਮਾਂ ਗੁਆਏ ਅੱਜ ਉਹ ਅਦਾਲਤੀ ਕੰਪਲੈਕਸ ਆਪਣੇ ਦਫ਼ਤਰ ਪੁੱਜੇ ਹਨ।
ਜਗਰਾਉਂ (ਜਸਬੀਰ ਸ਼ੇਤਰਾ): ਕਈ ਦਿਨ ਦੇ ਚੋਣ ਪ੍ਰਚਾਰ ਅਤੇ ਬੀਤੇ ਕੱਲ੍ਹ ਵੋਟਾਂ ਲਈ ਸਮੁੱਚੇ ਹਲਕੇ ਦੀ ਭੱਜ-ਨੱਠ ਕਰਨ ਮਗਰੋਂ ਅੱਜ ਉਮੀਦਵਾਰਾਂ ਨੇ ਆਪੋ-ਆਪਣੇ ਤਰੀਕੇ ਨਾਲ ਦਿਨ ਦੀ ਸ਼ੁਰੂਆਤ ਕੀਤੀ। ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਉਪ ਨੇਤਾ ਰਹੀ ਤੇ ‘ਆਪ’ ਉਮੀਦਵਾਰ ਸਵਰਜੀਤ ਕੌਰ ਮਾਣੂੰਕੇ ਚੋਣ ਪ੍ਰਚਾਰ ਦੌਰਾਨ ਘਰ ਤੇ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਸਕੇ ਜਿਸ ਕਰ ਕੇ ਉਨ੍ਹਾਂ ਅੱਜ ਬੱਚਿਆਂ ਨਾਲ ਸਵੇਰੇ ਕੁਝ ਸਮਾਂ ਬਤੀਤ ਕਰਨ ਤੋਂ ਬਾਅਦ ਰਸੋਈ ਸੰਭਾਲੀ। ਬੱਚਿਆਂ ਤੇ ਪਤੀ ਨੂੰ ਪਸੰਦ ਦਾ ਖਾਣਾ ਖਵਾਉਣ ਤੋਂ ਪਹਿਲਾਂ ਉਨ੍ਹਾਂ ਆਪਣੀ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਨੂੰ ਚੁੱਕ ਕੇ ਘਰ ਦੀ ਅਤੇ ਵਿਹੜੇ ਦੀ ਸਫ਼ਾਈ ਕੀਤੀ। ਇਸ ਬਾਬਤ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ’ਚ ਹਰ ਤਰ੍ਹਾਂ ਦੇ ਮਾਫ਼ੀਆ, ਰਵਾਇਤੀ ਪਾਰਟੀਆਂ ਦੀ ਲੁੱਟ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਵੀ ਲੋਕਾਂ ਨੇ ‘ਝਾੜੂ’ ਫੇਰ ਦਿੱਤਾ ਹੈ। ਦਸ ਮਾਰਚ ਨੂੰ ਚੋਣ ਨਤੀਜੇ ਆਉਣ ਮਗਰੋਂ ਇਕ ਨਵਾਂ ਸੂਰਜ ਚੜ੍ਹੇਗਾ ਅਤੇ ਲੋਕਾਂ ਦੀ ਯਕੀਨਨ ਕਿਸਮਤ ਬਦਲੇਗੀ। ਇਸੇ ਦੌਰਾਨ ਪ੍ਰੀਤਮ ਸਿੰਘ ਅਖਾੜਾ ਤੇ ਹੋਰ ਆਪਣੇ ਸਾਥੀਆਂ ਸਣੇ ਬੀਬੀ ਮਾਣੂੰਕੇ ਨੂੰ ਮਿਲਣ ਪਹੁੰਚੇ। ਉਨ੍ਹਾਂ ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਵਿਧਾਇਕ ਮਾਣੂੰਕੇ ਦਾ ਅਗਾਊਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।
ਉਧਰ, ਕਾਂਗਰਸ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਥਕਾਵਟ ਲਾਹੁਣ ਮਗਰੋਂ ਦਿਨ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ’ਤੇ ਜਾ ਕੇ ਕੀਤੀ। ਉਨ੍ਹਾਂ ਮੱਥਾ ਟੇਕਿਆ ਅਤੇ ਅਰਦਾਸ ਕਰਨ ਸਮੇਂ ਸ਼ੁਕਰਾਨਾ ਕਰਦਿਆਂ ਸਰਬੱਤ ਦਾ ਭਲਾ ਮੰਗਿਆ। ਆਪਣੀ ਆਸਥਾ ਅਨੁਸਾਰ ਉਹ ਮਾਲੇਰਕੋਟਲਾ ਵੀ ਮੱਥਾ ਟੇਕਣ ਗਏ। ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਐੱਸਆਰ ਕਲੇਰ ਨੇ ਘਰ ਰਹਿ ਕੇ ਹੀ ਆਰਾਮ ਕੀਤਾ। ਆਪਣੇ ਖ਼ਾਸ ਸਾਥੀਆਂ ਨਾਲ ਦੁਪਹਿਰ ਸਮੇਂ ਚਾਹ ’ਤੇ ਇਕੱਠੇ ਹੋ ਕੇ ਉਨ੍ਹਾਂ ਭੁਗਤੀਆਂ ਵੋਟਾਂ ਦਾ ਜਮ੍ਹਾਂ ਘਟਾਓ ਦਾ ਕੰਮ ਕੀਤਾ। ਭਾਜਪਾ ਵੱਲੋਂ ਇੱਥੋਂ ਚੋਣ ਲੜਨ ਵਾਲੇ ਕੰਵਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਸੱਤ ਵਜੇ ਉੱਠ ਕੇ ਪਹਿਲਾਂ ਪੀਏਯੂ ਗਏ ਜਿੱਥੇ ਈਵੀਐੱਮ ਰੱਖੀਆਂ ਹੋਈਆਂ ਹਨ। ਉਸ ਤੋਂ ਬਾਅਦ ਉਨ੍ਹਾਂ ਜਗਰਾਉਂ ਦੇ ਸਾਥੀਆਂ ਨਾਲ ਕੁਝ ਸਮਾਂ ਵੋਟਾਂ ਸਬੰਧੀ ਚਰਚਾ ਕੀਤੀ।
ਇਸੇ ਤਰ੍ਹਾਂ ਲੋਕ ਇਨਸਾਫ਼ ਪਾਰਟੀ ਦੀ ਉਮੀਦਵਾਰ ਤੇਜਿੰਦਰ ਕੌਰ ਤੇਜੀ ਸੰਧੂ ਅਤੇ ਪੰਜਾਬ ਸਮਾਜ ਮੋਰਚੇ ਦੇ ਆਗੂ ਕੁਲਦੀਪ ਸਿੰਘ ਡੱਲਾ ਵੀ ਅੱਜ ਬਹੁਤਾ ਸਮਾਂ ਘਰ ਹੀ ਰਹੇ। ਇਹ ਸਾਰੇ ਉਮੀਦਵਾਰ ਆਪੋ-ਆਪਣੀ ਜਿੱਤ ਲਈ ਆਸਵੰਦ ਹਨ ਪਰ ਜਿੱਤਣਾ ਇਕ ਨੇ ਹੀ ਹੈ ਜਿਸ ਦਾ ਪਤਾ 10 ਮਾਰਚ ਨੂੰ ਲੱਗੇਗਾ।
ਜਥੇਦਾਰ ਗਾਬੜੀਆ ਗੁਰੂ ਘਰ ਨਤਮਸਤਕ ਹੋਏ
ਲੁਧਿਆਣਾ (ਗੁਰਿੰਦਰ ਸਿੰਘ): ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਉਮੀਦਵਾਰ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਅੱਜ ਸਵੇਰੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੁੱਝ ਸਮਾਂ ਬਤੀਤ ਕਰਨ ਤੋਂ ਬਾਅਦ ਗੁਰੂ ਘਰ ਨਤਮਸਤਕ ਹੋ ਕੇ ਸ਼ਾਂਤੀ ਪੂਰਵਕ ਚੋਣਾਂ ਹੋਣ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਜਥੇਦਾਰ ਗਾਬੜੀਆ ਨੇ ਆਪਣੇ ਮੁੱਖ ਦਫ਼ਤਰ ਪਹੁੰਚ ਕੇ ਸਟਾਫ ਮੈਂਬਰਾਂ ਦਾ ਹਾਲਚਾਲ ਪੁੱਛਿਆ ਅਤੇ ਸਮਰਥਕਾਂ ਅਤੇ ਖ਼ਾਸ ਕਰਕੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਾਲੀ ਸੋਚ ’ਤੇ ਪਹਿਰਾ ਦਿੰਦੇ ਹੋਏ ਆਪਣਾ ਵੋਟ ਅਕਾਲੀ-ਬਸਪਾ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਵੋਟਰਾਂ, ਸਪੋਟਰਾਂ ਅਤੇ ਸਮਰਥੱਕਾਂ ਦੇ ਰਿਣੀ ਰਹਿਣਗੇ ਜਿਨ੍ਹਾਂ ਨੇ ਚੋਣ ਮੁਹਿੰਮ ਵਿੱਚ ਪੂਰਾ ਸਾਥ ਦਿੱਤਾ। ਇਸ ਮੌਕੇ ਠਾਕੁਰ ਵਿਸ਼ਵਨਾਥ ਸਿੰਘ, ਚੰਦਰਭਾਨ ਚੌਹਾਨ, ਪ੍ਰੀਤਮ ਸਿੰਘ ਮੌਜੀ ਕਲੌਨੀ, ਦਲਬੀਰ ਸਿੰਘ ਐਮਈ, ਲਖਬੀਰ ਸਿੰਘ ਸੰਧੂ, ਮੱਖਣ ਸਿੰਘ ਡਾਬਾ, ਗੁਰਦੇਵ ਸਿੰਘ ਚੋਹਲਾ ਵੀ ਹਾਜ਼ਰ ਸਨ।