ਹਰਦੀਪ ਸਿੰਘ ਸੋਢੀ
ਧੂਰੀ, 21 ਫਰਵਰੀ
ਧੂਰੀ ਵਿਧਾਨ ਸਭਾ ਹਲਕੇ ਵਿੱਚ ਵੱਖ ਵੱਖ ਪਾਰਟੀਆਂ ਦੇ ਚੋਣ ਦਫ਼ਤਰਾਂ ਵਿੱਚ ਜਿੱਥੇ ਪੈਰ ਰੱਖਣ ਨੂੰ ਥਾਂ ਨਹੀਂ ਮਿਲਦੀ ਸੀ, ਹੁਣ ਚੋਣਾਂ ਤੋਂ ਇੱਕ ਦਿਨ ਬਾਅਦ ਹੀ ਰੌਣਕ ਗਾਇਬ ਹੋ ਗਈ ਹੈ। ਹੁਣ ਸਿਰਫ ਇਨ੍ਹਾਂ ਦਫ਼ਤਰਾਂ ਅਮਲਾ ਤੇ ਪਾਰਟੀਆਂ ਦੇ ਆਗੂ ਤੋਂ ਬਿਨਾਂ ਵਰਕਰਾਂ ਦੀ ਹਾਜ਼ਰੀ ਬਿਲਕੁਲ ਨਜ਼ਰ ਨਹੀਂ ਪੈਂਦੀ। ਧੂਰੀ ਅਹਿਮ ਸੀਟ ਹੋਣ ਕਾਰਨ ਪੰਜਾਬ ਦੇ ਵਿਦੇਸ਼ਾਂ ਵਿੱਚ ਵੱਸਦੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਦੀ ਅੱਖ ਧੂਰੀ ਉੱਪਰ ਟਿਕੀ ਹੋਈ ਹੈ ਤੇ ਉਹ 10 ਮਾਰਚ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
‘ਆਪ’ ਉਮੀਦਵਾਰ ਭਗਵੰਤ ਮਾਨ ਦੇ ਸਲਾਹਕਾਰ ਦਲਵੀਰ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਵਰਕਰਾਂ ਵਿੱਚ ਪਾਰਟੀ ਪ੍ਰਤੀ ਉਤਸ਼ਾਹ ਬਹੁਤ ਸੀ ਤੇ ਵਰਕਰਾਂ ਨੇ ਦੱਬ ਕੇ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਤੇ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਵਰਕਰ ਆਪਣਾ ਚੋਣ ਥਕੇਵਾਂ ਲਾਹੁਣ ਲਈ ਘਰਾਂ ਵਿੱਚ ਗਏ ਹਨ, ਦਫਤਰ ਵਿੱਚ ਰੌਣਕ ਪਹਿਲਾਂ ਨਾਲੋਂ ਵੀ ਵਧ ਹੋ ਜਾਵੇਗੀ ਤੇ ਉਨ੍ਹਾਂ ਦੀ ਪਾਰਟੀ ਜਿੱਤੇਗੀ। ਇਸ ਤਰ੍ਹਾਂ ਕਾਂਗਰਸੀ ਉਮੀਦਵਾਰ ਤੇ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਸਲਾਹਕਾਰ ਹਨੀ ਤੂਰ ਨੇ ਉਨ੍ਹਾਂ ਵਰਕਰਾਂ ਨੂੰ ਘਰਾਂ ਵਿੱਚ ਰਹਿ ਕੇ ਕੁਝ ਦਿਨ ਲਈ ਆਰਾਮ ਕਰਨ ਦੇ ਬੇਨਤੀ ਕੀਤੀ ਹੈ। ਉਨ੍ਹਾਂ ਕਾਂਗਰਸੀ ਵਰਕਰਾਂ ਉਤਸ਼ਾਹ ਘੱਟ ਨਹੀਂ ਹੋਇਆ ਤੇ ਕਾਂਗਰਸੀ ਵਰਕਰ ਪਹਿਲਾਂ ਨਾਲੋਂ ਵੱਧ ਹੌਸਲੇ ਵਿੱਚ ਹਨ ਤੇ ਬੇਸਬਰੀ ਨਾਲ ਚੋਣ ਨਤੀਜੇ ਉਡੀਕ ਰਹੇ ਹਨ।
ਅਕਾਲੀ ਦਲ ਬਾਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪ੍ਰਕਾਸ਼ ਚੰਦ ਗਰਗ ਦੇ ਇੱਕ ਆਗੂ ਵਿਨਰਜੀਤ ਸਿੰਘ ਕਿਹਾ ਕਿ ਅਕਾਲੀ ਬਸਪਾ ਵਰਕਰਾਂ ਨੂੰ ਕੁਝ ਦਿਨ ਲਈ ਆਰਾਮ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਪਾਰਟੀ ਵਰਕਰਾਂ ਵੱਲੋਂ ਪ੍ਰਕਾਸ਼ ਚੰਦ ਗਰਗ ਦੇ ਹੱਕ ਵਿੱਚ ਵੱਧ ਚੜ੍ਹ ਕੇ ਚੋਣ ਪ੍ਰਚਾਰ ਕੀਤਾ ਹੈ। ਇਸ ਤੋਂ ਇਲਾਵਾ ਹੋਰ ਵੀ ਉਮੀਦਵਾਰਾਂ ਤੇ ਵਰਕਰਾਂ ਵੱਲੋਂ ਮਿਲਦੀਆਂ ਜੁਲਦੀਆਂ ਟਿੱਪਣੀਆਂ ਕੀਤੀਆਂ।