ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੂਨ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਰਾਜਿੰਦਰ ਨਗਰ ਵਿਧਾਨ ਸਭਾ ਦੀ ਉਪ ਚੋਣ ਲਈ ਦਿਨ-ਦਿਹਾੜੇ ਨਿਤਿਨ ਧਵਨ ਦੀ ਮੋਬਾਈਲ ਦੀ ਦੁਕਾਨ ਦੇ ਬਾਹਰ ਹੋਈ ਲੁੱਟ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਰਾਜਧਾਨੀ ਵਿੱਚ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ। ਦਿੱਲੀ ਵਾਸੀਆਂ ਦੀ ਸੁਰੱਖਿਆ ਰੱਬ ਭਰੋਸਾ ਹੈ। ਪ੍ਰਧਾਨ ਨੇ ਦੱਸਿਆ ਕਿ ਦਿਨ ਦਿਹਾੜੇ ਹੋਈ ਘਟਨਾ ਦੀ ਫੁਟੇਜ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਣ ਤੋਂ ਬਾਅਦ ਪੁਲੀਸ ਨੇ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਹੈ ਜਦੋਂਕਿ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਗੜਦੀ ਕਾਨੂੰਨ ਵਿਵਸਥਾ ਨੂੰ ਵੱਡੇ ਚੋਣ ਮੁੱਦੇ ਵਜੋਂ ਉਠਾਵੇਗੀ। ਸੂਬਾ ਪ੍ਰਧਾਨ, ਦਿੱਲੀ ਇੰਚਾਰਜ ਸ਼ਕਤੀ ਸਿੰਘ ਗੋਹਿਲ, ਸਕੱਤਰ ਮਨੀਸ਼ ਚਤਰਥ, ਬ੍ਰਹਮ ਯਾਦਵ ਲੁੱਟ ਦਾ ਸ਼ਿਕਾਰ ਹੋਏ ਨਿਤਿਨ ਧਵਨ ਨੂੰ ਉਸ ਦੀ ਦੁਕਾਨ ਉੱਤੇ ਮਿਲਣ ਗਏ।
ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਤੋਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਰਾਜਧਾਨੀ ਵਿੱਚ ਗੁੰਡਾਗਰਦੀ ਦਾ ਗ੍ਰਾਫ ਬੁਲੰਦੀਆਂ ਨੂੰ ਛੂਹ ਗਿਆ ਹੈ ਤੇ ਅਮਨ-ਕਾਨੂੰਨ ’ਤੇ ਕੇਂਦਰ ਸਰਕਾਰ ਦਾ ਕੰਟਰੋਲ ਹੋ ਗਿਆ ਹੈ। ਜਿੱਥੇ ਅਰਵਿੰਦ ਕੇਜਰੀਵਾਲ ਰਾਜਧਾਨੀ ਵਿੱਚ ਵਧ ਰਹੀਆਂ ਅਪਰਾਧਕ ਘਟਨਾਵਾਂ ਦੀ ਜ਼ਿੰਮੇਵਾਰੀ ਲੈਣ ਦੀ ਬਜਾਇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਉੱਥੇ ਹੀ ਮੁੱਖ ਸਕੱਤਰ ਦੀ ਕੁੱਟਮਾਰ ਦੇ ਮਾਮਲੇ ਵਿੱਚ ਵੀ ਉਹ ਭਾਜਪਾ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਇਸ ਕੇਸ ਵਿੱਚ ਕੇਂਦਰ ਸਰਕਾਰ ਦੀ ਮਿਹਰਬਾਨੀ ਕਾਰਨ ਕੇਜਰੀਵਾਲ ਬਰੀ ਹੋ ਗਿਆ।