ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਪਰੈਲ
ਸਿੰਘੂ ਵਿੱਚ ਚੱਲ ਰਹੇ ਕਿਸਾਨ ਧਰਨੇ ਕਾਰਨ ਨੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਮਿਲਦੀਆਂ ਰਹਿਣ, ਇਸ ਦੇ ਮੱਦੇਨਜ਼ਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਥਾਨਕ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਡਾਕਟਰਾਂ ਦੀਆਂ ਟੀਮਾਂ ਨੂੰ ਭੇਜਿਆ ਜਾਂਦਾ ਹੈ ਤੇ ਉਹ ਮੌਕੇ ਉਪਰ ਹੀ ਸਿਹਤ ਦੀ ਜਾਂਚ ਕਰਕੇ ਇਲਾਜ ਕਰਦੇ ਹਨ। ਜਿਨ੍ਹਾਂ ਮਰੀਜ਼ਾਂ ਦੀ ਹਾਲਤ ਗੰਭੀਰ ਪਾਈ ਜਾਂਦੀ ਹੈ, ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਟਿਕਰੀ ਵਿਚ ਮੋਰਚੇ ਦੇ ਆਰਜ਼ੀ ਦਫ਼ਤਰ ਵਿੱਚ ਲਿਆ ਕੇ ਇਲਾਜ ਕੀਤਾ ਜਾਂਦਾ ਹੈ।
ਸ਼ਹੀਦ ਭਗਤ ਸਿੰਘ ਯੂਥ ਬ੍ਰਿਗੇਡ ਦੇ ਪ੍ਰਧਾਨ ਦੀਪ ਖੱਤਰੀ ਨੇ ਦੱਸਿਆ ਕਿ ਸਦਭਾਵਨਾ ਮਿਸ਼ਨ ਤਹਿਤ ਕਜਾਰੀਆ ਟਾਈਲਸ ਵਿੱਚ ਓਪੀਡੀ ਸੇਵਾਵਾਂ ਜਾਰੀ ਰੱਖੀਆਂ ਹੋਈਆਂ ਹਨ, ਜਿੱਥੇ ਹੁਣ ਤੱਕ 700 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਕਈਆਂ ਦੀਆਂ ਅੱਖਾਂ ਦੇ ਅਪਰੇਸ਼ਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਟਿਕਰੀ ਖ਼ੁਦਰ ਤੇ ਸਿੰਘੂ ਪਿੰਡਾਂ ਦੇ ਲੋਕਾਂ ਦੀ ਜਾਂਚ ਕੀਤੀ ਗਈ ਤੇ ਹਰਿਆਣਾ ਦੇ ਕੁੰਡਲੀ, ਪੀਤਮਪੁਰਾ, ਨਾਂਗਲ, ਸ਼ੇਰਸ਼ਾਹ, ਜਾਟੀ ਦੇ ਰਹਿਣ ਵਾਲਿਆਂ ਦੀ ਜਾਂਚ ਕੀਤੀ ਗਈ। ਲੋੜ ਪੈਣ ’ਤੇ ਦਿੱਲੀ ਦੇ ਹਸਪਤਾਲਾਂ ਵਿੱਚ ਲੈ ਜਾ ਕੇ ਵੀ ਪਿੰਡ ਵਾਸੀਆਂ ਦਾ ਇਲਾਜ ਕੀਤਾ ਜਾਵੇਗਾ। ਇਸ ਦੌਰਾਨ ਅੱਖਾਂ ਦੇ 11 ਅਪਰੇਸ਼ਨ ਕੀਤੇ ਗਏ ਹਨ।