ਹਰਦੀਪ ਸਿੰਘ ਸੋਢੀ
ਧੂਰੀ, 27 ਅਗਸਤ
ਇੱਕ ਪਾਸੇ ਪੰਜਾਬ ਅੰਦਰ ‘ਆਪ’ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਐੱਚਆਈਵੀ/ਏਡਜ਼ ਜਿਹੀ ਗੰਭੀਰ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਏਆਰਟੀ ਸੈਂਟਰਾਂ ਤੋਂ ਤਿੰਨ ਮਹੀਨੇ ਦੀ ਬਜਾਇ ਸਿਰਫ਼ ਇੱਕ ਮਹੀਨੇ ਦੀ ਦਵਾਈ ਮਿਲਣ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਸ ਬਿਮਾਰੀ ਤੋਂ ਪੀੜਤ ਇੱਕ ਮਰੀਜ਼ ਨੇ ਦੱਸਿਆ ਕਿ ਉਹ ਇਸ ਬਿਮਾਰੀ ਤੋਂ ਪਿਛਲੇ ਕਾਫੀ ਸਮੇਂ ਤੋਂ ਪ੍ਰਭਾਵਿਤ ਹੈ ਅਤੇ ਉਸ ਦਾ ਇਲਾਜ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਸਥਿਤ ਐਂਟੀ ਰੈਟਰੋਵਾਈਰਲ ਥੈਰੇਪੀ ਸੈਂਟਰ (ਏਆਰਟੀ ਸੈਂਟਰ) ਵਿੱਚ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਮਰੀਜ਼ ਨੂੰ ਇਲਾਜ ਦੇ ਸ਼ੁਰੂਆਤੀ ਸਮੇਂ ਦੌਰਾਨ ਹਰੇਕ ਮਹੀਨੇ ਏਆਰਟੀ ਸੈਂਟਰ ਤੋਂ ਦਵਾਈ ਲੈਣ ਜਾਣਾ ਪੈਂਦਾ ਹੈ ਤਾਂ ਜੋ ਸਮੇਂ-ਸਮੇਂ ਸਿਰ ਸਿਹਤ ਜਾਂਚ ਤੇ ਦਵਾਈਆਂ ਦੇ ਪ੍ਰਭਾਵ ਬਾਰੇ ਮਾਹਿਰਾਂ ਦੀ ਰਾਏ ਲਈ ਜਾ ਸਕੇ, ਪਰ ਇਕ ਸਾਲ ਬਾਅਦ ਸਿਹਤ ਵਿਭਾਗ ਵੱਲੋਂ ਸਿਹਤ ਜਾਂਚ ਲਈ ਕੀਤੇ ਗਏ ਵੱਖ-ਵੱਖ ਟੈਂਸਟਾਂ ਦੀ ਰਿਪੋਰਟ ਸਹੀ ਆਉਣ ’ਤੇ ਮਰੀਜ਼ ਨੂੰ ਤਿੰਨ ਮਹੀਨੇ ਦੀ ਦਵਾਈ ਦਿੱਤੀ ਜਾਂਦੀ ਹੈ।
ਉਸ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਏਆਰਟੀ ਸੈਂਟਰ ’ਤੇ ਮੌਜੂਦ ਸਿਹਤ ਮੁਲਾਜ਼ਮਾਂ ਵੱਲੋਂ ਦਵਾਈ ਦੀ ਘਾਟ ਦਾ ਹਵਾਲਾ ਦਿੰਦਿਆਂ ਤਿੰਨ ਮਹੀਨੇ ਦੀ ਬਜਾਏ ਸਿਰਫ਼ ਇੱਕ ਮਹੀਨੇ ਦੀ ਹੀ ਦਵਾਈ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉਸ ਨੂੰ ਦਵਾਈ ਲੈਣ ਲਈ ਹਰ ਮਹੀਨੇ ਪਟਿਆਲਾ ਜਾ ਕੇ ਖੱਜਲ-ਖੁਆਰ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਰਜਿੰਦਰਾ ਹਸਪਤਾਲ ਪਟਿਆਲਾ ਦੇ ਏਆਰਟੀ ਸੈਂਟਰ ਦੇ ਨੋਡਲ ਅਫ਼ਸਰ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ।
ਜਦੋਂ ਇਸ ਬਾਰੇ ਸੰਗਰੂਰ ’ਚ ਕੁਝ ਹੀ ਸਮੇਂ ਪਹਿਲਾਂ ਖੁੱਲ੍ਹੇ ਏਆਰਟੀ ਸੈਂਟਰ ਦੇ ਡਾ. ਰਣਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਟਿਆਲਾ ਰਜਿੰਦਰਾ ਹਸਪਤਾਲ ਤੋਂ ਮਰੀਜ਼ ਦੀ ਰਜਿਸਟ੍ਰੇਸ਼ਨ ਸੰਗਰੂਰ ਸੈਂਟਰ ਵਿੱਚ ਹੋ ਜਾਵੇਗੀ ਅਤੇ ਮਰੀਜ਼ ਨੂੰ ਜ਼ਿਆਦਾ ਦੂਰ ਨਹੀਂ ਜਾਣਾ ਪਵੇਗਾ। ਜਦੋਂ ਉਨ੍ਹਾਂ ਤੋਂ ਤਿੰਨ ਮਹੀਨੇ ਦੀ ਬਜਾਇ ਇੱਕ ਮਹੀਨੇ ਦੀ ਦਵਾਈ ਦੇਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦਵਾਈ ਦੇ ਸਟਾਕ ਦੀ ਕਿੱਲਤ ਕਾਰਨ ਮਰੀਜ਼ ਨੂੰ ਤਿੰਨ ਦੀ ਬਜਾਇ ਇੱਕ ਮਹੀਨੇ ਦੀ ਦਵਾਈ ਦਿੱਤੀ ਜਾ ਰਹੀ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਉਹ ਇਸ ਸਬੰਧੀ ਸਾਰੀ ਸਥਿਤੀ ਦੀ ਸਮੀਖਿਆ ਕਰਨਗੇ।