ਦੇਵਿੰਦਰ ਸਿੰਘ ਜੱਗੀ
ਪਾਇਲ, 6 ਸਤੰਬਰ
ਪੰਜਾਬ ਸਰਕਾਰ ਵੱਲੋਂ ਨਰਸਿੰਗ ਕੇਡਰ ਦੀਆਂ ਯੋਗ ਮੰਗਾਂ ਦੀ ਪੂਰਤੀ ਨਾ ਹੋਣ ਅਤੇ ਮੀਟਿੰਗ ਦਾ ਸਮਾਂ ਨਾ ਮਿਲਣ ਕਾਰਨ ਸੀਐੱਚਸੀ ਪਾਇਲ ਦਾ ਸਮੂਹ ਰੈਗੂਲਰ ਨਰਸਿੰਗ ਸਟਾਫ ਪੂਰਨ ਤੌਰ ’ਤੇ ਕਲਮ ਛੋੜ ਹੜਤਾਲ ਉੱਪਰ ਚਲਾ ਗਿਆ ਹੈ। ਰੈਗੂਲਰ ਸਟਾਫ ਨਰਸਿੰਗ ਦੀਆਂ ਆਗੂਆਂ ਪਰਮਜੀਤ ਕੌਰ, ਕਿਰਨਦੀਪ ਕੌਰ, ਹਰਪ੍ਰੀਤ ਕੌਰ, ਲਵਪ੍ਰੀਤ ਕੌਰ, ਜਸਵਿੰਦਰ ਕੌਰ, ਸੁਸ਼ਮਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੂਰੇ ਪੰਜਾਬ ਦੀਆਂ ਨਰਸਾਂ ਆਪਣੀਆਂ ਮੰਗਾਂ ਲਈ ਸੰਘਰਸ਼ ਲੜ ਰਹੀਆਂ ਹਨ ਪਰ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਜੁਆਇੰਟ ਐਕਸ਼ਨ ਨਰਸਿੰਗ ਕਮੇਟੀ ਵੱਲੋਂ 5 ਸਤੰਬਰ ਤੱਕ ਮੀਟਿੰਗ ਦਾ ਸਮਾਂ ਮੰਗਿਆ ਗਿਆ ਸੀ ਜੋ ਨਹੀਂ ਮਿਲਿਆ, ਜਿਸ ਕਰਕੇ ਸਮੂਹ ਨਰਸਿੰਗ ਸਟਾਫ ਅੱਜ ਕਲਮ ਛੋੜ ਹੜਤਾਲ ’ਤੇ ਚਲਾ ਗਿਆ ਹੈ। ਨਰਸਿੰਗ ਸਟਾਫ ਦੀਆਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਛੇਵੇਂ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਸੋਧ ਕਰਕੇ ਲਾਗੂ ਕੀਤਾ ਜਾਵੇ, ਨਵੇਂ ਭਰਤੀ ਕੀਤੇ ਨਰਸਿੰਗ ਸਟਾਫ ਨੂੰ 29200 ਦੀ ਥਾਂ 47600 ਮੁੱਢਲੀ ਤਨਖਾਹ ਫਿਕਸ ਕੀਤੀ ਜਾਵੇ, ਕੇਂਦਰ ਸਰਕਾਰ ਵਿੱਚ ਮਿਲ ਰਹੇ ਭੱਤੇ ਅਨੁਸਾਰ ਪੰਜਾਬ ਦੇ ਨਰਸਿੰਗ ਕੇਡਰ ਨੂੰ ਦਿੱਤੇ ਜਾਣ, ਸਟਾਫ ਨਰਸ ਦੇ ਅਹੁਦੇ ਦਾ ਨਾਂ ਬਦਲ ਕੇ ਨਰਸਿੰਗ ਅਫਸਰ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਡੀ.ਏ ਦੀਆਂ ਕਿਸ਼ਤਾਂ ਦਾ ਤੁਰੰਤ ਭੁਗਤਾਨ ਕਰਨਾ ਅਤੇ ਪਰਖਕਾਲ ਦਾ ਸਮਾਂ 2 ਸਾਲ ਕਰਨਾ ਤੇ ਉਸ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ।