ਪੇਈਚਿੰਗ, 9 ਜੂਨ
ਚੀਨ ਨੇ ਪੂਰਬੀ ਲੱਦਾਖ ਵਿੱਚ ਬੁਨਿਆਦੀ ਢਾਂਚੇ ਦੀ ਉਸਾਰੀ ਨੂੰ ਲੈ ਕੇ ਅਮਰੀਕੀ ਫੌਜ ਦੇ ਸਿਖਰਲੇ ਜਰਨੈਲ ਵੱਲੋਂ ਕੀਤੀਆਂ ਟਿੱਪਣੀਆਂ ਨੂੰ ‘ਘ੍ਰਿਣਾਯੋਗ ਕਾਰਵਾਈ’ ਕਰਾਰ ਦਿੱਤਾ ਹੈ। ਚੀਨ ਨੇ ਕੁਝ ਅਮਰੀਕੀ ਅਧਿਕਾਰੀਆਂ ਵੱਲੋਂ ‘ਅੱਗ ’ਚ ਘਿਉ ਪਾਉਣ’ ਦੇ ਕੀਤੇ ਜਾ ਰਹੇ ਯਤਨਾਂ ਦੀ ਨੁਕਤਾਚੀਨੀ ਕੀਤੀ। ਚੀਨ ਨੇ ਜ਼ੋਰ ਦੇ ਕੇ ਆਖਿਆ ਕਿ ਪੇਈਚਿੰਗ ਤੇ ਨਵੀਂ ਦਿੱਲੀ ਆਪਣੇ ਵੱਖਰੇਵਿਆਂ ਨੂੰ ਗੱਲਬਾਤ ਜ਼ਰੀਏ ਸੁਲਝਾਉਣ ਦੇ ‘ਸਮਰੱਥ ਤੇ ਇੱਛਾ ਸ਼ਕਤੀ’ ਰੱਖਦੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜੀਆਨ ਇਥੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਕਾਬਿਲੇਗੌਰ ਹੈ ਕਿ ਭਾਰਤ ਦੌਰੇ ’ਤੇ ਆਏ ਅਮਰੀਕੀ ਫ਼ੌਜ ਦੀ ਪੈਸੇਫਿਕ ਕਮਾਂਡ ਦੇ ਜਨਰਲ ਚਾਰਲਸ ਏ.ਫਿਨ ਨੇ ਪੂਰਬੀ ਲੱਦਾਖ ਵਿੱਚ ਚੀਨ ਵੱਲੋਂ ਕੀਤੀ ਜਾ ਰਹੀ ਬੁਨਿਆਦੀ ਢਾਂਚੇ ਦੀ ਉਸਾਰੀ ਦੇ ਹਵਾਲੇ ਨਾਲ ਹਾਲਾਤ ਨੂੰ ‘ਚਿੰਤਾਜਨਕ’ ਦੱਸਿਆ ਸੀ। ਜ਼ਾਓ ਨੇ ਕਿਹਾ, ‘‘ਕੁਝ ਅਮਰੀਕੀ ਅਧਿਕਾਰੀ ਅੱਗ ਨੂੰ ਹਵਾ ਦੇਣ ਤੇ ਉਂਗਲਾਂ ਚੁੱਕਣ ਦਾ ਕੰਮ ਕਰ ਰਹੇ ਹਨ। ਇਹ ਘ੍ਰਿਣਾਯੋਗ ਕਾਰਵਾਈ ਹੈ। ਅਸੀਂ ਆਸ ਕਰਦੇ ਹਾਂ ਕਿ ਉਹ ਖੇਤਰੀ ਅਮਨ ਤੇ ਸਥਿਰਤਾ ਲਈ ਵਧੇਰੇ ਯੋਗਦਾਨ ਪਾਉਣਗੇ।’’ ਤਰਜਮਾਨ ਨੇ ਜ਼ੋਰ ਦੇ ਕੇ ਆਖਿਆ ਕਿ ਪੂਰਬੀ ਲੱਦਾਖ, ਜਿੱਥੇ ਪਿਛਲੇ ਦੋ ਸਾਲਾਂ ਤੋਂ ਦੋਵਾਂ ਮੁਲਕਾਂ ਦਰਮਿਆਨ ਫੌਜੀ ਟਕਰਾਅ ਬਣਿਆ ਹੋਇਆ ਸੀ, ਵਿੱਚ ਹਾਲਾਤ ਸਥਿਰ ਹੋਣ ਲੱਗੇ ਹਨ। ਜ਼ਾਓ ਨੇ ਕਿਹਾ, ‘‘ਕੁਲ ਮਿਲਾ ਕੇ ਹਾਲਾਤ ਸਥਿਰ ਹੋ ਰਹੇ ਹਨ ਤੇ ਦੋਵਾਂ ਮੁਲਕਾਂ ਦੀਆਂ ਮੂਹਰਲੀਆਂ ਸਫ਼ਾਂ ਦੀਆਂ ਫੌਜਾਂ ਪੱਛਮੀ ਸੈਕਸ਼ਨ ਸਣੇ ਟਕਰਾਅ ਵਾਲੇ ਬਹੁਤੇ ਖੇਤਰਾਂ ’ਚੋਂ ਪਿੱਛੇ ਹਟ ਗਈਆਂ ਹਨ।’’ -ਪੀਟੀਆਈ