ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 21 ਫਰਵਰੀ
ਵਿਧਾਨ ਸਭਾ ਦੀਆਂ ਚੋਣਾਂ ਲਈ ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ, ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ, ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ, ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਰਵਨੀਤ ਸਿੰਘ ਬਰਾੜ ਅਤੇ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਚੋਣਾਂ ਦੀ ਥਕਾਵਟ ਲਾਹੁਣ ਲਈ ਆਪੋ-ਆਪਣੇ ਪਰਿਵਾਰਕ ਮੈਂਬਰਾਂ ਨਾਲ ਫ਼ੁਰਸਤ ਦੇ ਪਲ ਬਿਤਾਏ ਅਤੇ ਸਮਰਥਕਾਂ ਨਾਲ ਮਤਦਾਨ ਬਾਰੇ ਚਰਚਾ ਕੀਤੀ। ‘ਆਪ’ ਆਗੂ ਕੁਲਵੰਤ ਸਿੰਘ ਨੇ ਚੋਣਾਂ ਦੀ ਥਕਾਵਟ ਉਤਾਰਨ ਤੋਂ ਬਾਅਦ ਅੱਜ ਸਵੇਰੇ ਕਾਫ਼ੀ ਸਮਾਂ ਆਪਣੇ ਪਰਿਵਾਰ ਨਾਲ ਬਿਤਾਇਆ ਅਤੇ ਸਮਰਥਕਾਂ ਨੂੰ ਮਿਲੇ, ਜਿਸ ਉਪਰੰਤ ਸਾਰਾ ਦਿਨ ਦਫ਼ਤਰ ਬੈਠ ਕੇ ਪਿਛਲੇ ਦੋ ਮਹੀਨੇ ਤੋਂ ਪੈਂਡਿੰਗ ਪਏ ਕਾਰੋਬਾਰੀ ਕੰਮਾਂ-ਕਾਰਾਂ ’ਤੇ ਝਾਤ ਮਾਰੀ। ਉਨ੍ਹਾਂ ਵਾਲੰਟੀਅਰਾਂ ਅਤੇ ਵੋਟਰਾਂ ਦਾ ਚੋਣਾਂ ਦੌਰਾਨ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਝੂਠੇ ਲਾਰਿਆਂ ਤੋਂ ਅੱਕੇ ਲੋਕਾਂ ਨੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਲਿਆਉਣ ਲਈ ਭਾਰੀ ਮਤਦਾਨ ਕੀਤਾ ਹੈ। ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਜਿੱਤ-ਹਾਰ ਤਾਂ ਬਣੀ ਹੋਈ ਹੈ। ਇਸ ਲਈ ਉਨ੍ਹਾਂ ਨੂੰ ਇਹ ਰੱਤੀ ਭਰ ਵੀ ਚਿੰਤਾ ਨਹੀਂ ਹੈ ਕਿ 10 ਮਾਰਚ ਨੂੰ ਕੀ ਨਤੀਜੇ ਆਉਣਗੇ। ਜੋ ਵੀ ਲੋਕਾਂ ਦਾ ਫ਼ੈਸਲਾ ਹੋਵੇਗਾ, ਉਸ ਨੂੰ ਖਿੜ੍ਹੇ ਮੱਥੇ ਪ੍ਰਵਾਨ ਕੀਤਾ ਜਾਵੇਗਾ। ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕੇ ਲੋਕ ਇਸ ਵਾਰ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਅਤੇ ਪੰਜਾਬ ਵਿੱਚ ਇੱਕੋ ਪਾਰਟੀ ਦੀ ਸਰਕਾਰ ਬਣੇਗੀ, ਉਦੋਂ ਹੀ ਸੂਬੇ ਦਾ ਵਿਕਾਸ ਅਤੇ ਤਰੱਕੀ ਦੀ ਆਸ ਕੀਤੀ ਜਾ ਸਕਦੀ ਹੈ। ਕਿਸਾਨ ਆਗੂ ਰਵਨੀਤ ਸਿੰਘ ਬਰਾੜ ਨੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਸਮੁੱਚੇ ਹਲਕੇ ਦੇ ਲੋਕਾਂ ਦਾ ਬਹੁਤ ਪਿਆਰ ਮਿਲਿਆ ਹੈ ਅਤੇ ਇਹੀ ਪਿਆਰ ਤੇ ਸਤਿਕਾਰ ਉਨ੍ਹਾਂ ਨੂੰ ਜਿੱਤ ਹਾਸਲ ਕਰਵਾਏਗਾ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਭਾਵੇਂ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ ਪਰ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਲਾਕੇ ਦੇ ਲੋਕ ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਚੋਣ ਜਿਤਾ ਕੇ ਚੌਥੀ ਵਾਰ ਵਿਧਾਇਕ ਚੁਣਨਗੇ।