ਇੰਦੌਰ, 8 ਮਈ
ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਰਿਹਾਇਸ਼ੀ ਇਮਾਰਤ ਵਿਚ ਲੱਗੀ ਭਿਆਨਕ ਅੱਗ, ਜਿਸ ਵਿੱਚ ਪਤੀ-ਪਤਨੀ ਸਣੇ 7 ਮੌਤਾਂ ਹੋਈਆਂ ਹਨ, ਦੇ ਮਾਮਲੇ ਵਿੱਚ ਪੁਲੀਸ ਨੇ ਇਸ਼ਕ ’ਚ ਨਾਕਾਮ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਪਾਰਟੀ ਤੋਂ ਭੱਜਣ ਦੀ ਕੋਸ਼ਿਸ਼ ਦੌਰਾਨ ਮੁਲਜ਼ਮ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਿਆ। ਅੱਗ ਲਗਾਉਣ ਵਾਲੇ ਸ਼ੁਭਮ ਦੀਕਸ਼ਿਤ ਉਰਫ ਸੰਜੇ (27) ਨੂੰ ਬੀਤੀ ਰਾਤ ਲੋਹਮੰਡੀ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੀਕਸ਼ਿਤ ਨੇ ਇਕ ਔਰਤ ਨਾਲ ਵਿਆਹ ਕਰਵਾਉਣ ’ਚ ਅਸਫ਼ਲ ਹੋਣ ਬਾਅਦ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਸਵਰਨ ਬਾਗ ਕਲੋਨੀ ਵਿੱਚ ਰਿਹਾਇਸ਼ੀ ਇਮਾਰਤ ਦੀ ਪਾਰਕਿੰਗ ਵਿੱਚ ਖੜ੍ਹੇ ਉਸ ਦੇ ਸਕੂਟਰ ਨੂੰ ਅੱਗ ਲਾ ਦਿੱਤੀ ਸੀ ਤੇ ਇਹ ਅੱਗ ਭਿਆਨਕ ਰੂਪ ਅਖ਼ਤਿਆਰ ਕਰ ਗਈ।