ਪਾਲ ਸਿੰਘ ਨੌਲੀ
ਜਲੰਧਰ, 16 ਅਗਸਤ
ਪੰਜਾਬ ਕਾਂਗਰਸ ਨੂੰ ਦੋਆਬੇ ’ਚ ਅੱਜ ਉਦੋਂ ਵੱਡਾ ਝਟਕਾ ਲੱਗਾ ਜਦੋਂ ਸਾਬਕਾ ਵਿਧਾਇਕ ਤੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਬੋਰਡ ਦੇ ਚੇਅਰਮੈਨ ਜਗਬੀਰ ਸਿੰਘ ਬਰਾੜ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ੍ਰੀ ਬਰਾੜ ਨੂੰ ਪਾਰਟੀ ’ਚ ਸ਼ਾਮਲ ਕਰਦਿਆਂ ਹੀ ਜਲੰਧਰ ਛਾਉਣੀ ਤੋਂ 2022 ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਵੀ ਬਣਾਇਆ ਗਿਆ ਹੈ।
ਜਗਬੀਰ ਸਿੰਘ ਬਰਾੜ ਦੇ ਮਾਡਲ ਟਾਊਨ ਵਿਚਲੇ ਘਰ ’ਚ ਹੋਏ ਸੰਖੇਪ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਤੇ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਸਮੇਤ ਹੋਰ ਆਗੂਆਂ ਦੀ ਹਾਜ਼ਰੀ ਵਿੱਚ ਜਗਬੀਰ ਸਿੰਘ ਬਰਾੜ 10 ਸਾਲਾਂ ਮਗਰੋਂ ਮੁੜ ਅਕਾਲੀ ਦਲ ਵਿੱਚ ਪਰਤ ਆਏ।
ਜ਼ਿਕਰਯੋਗ ਹੈ ਕਿ ਜਗਬੀਰ ਸਿੰਘ ਬਰਾੜ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਜਲੰਧਰ ਛਾਉਣੀ ਤੋਂ ਅਕਾਲੀ ਦਲ ਵੱਲੋਂ ਜਿੱਤੇ ਸਨ। ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਸਾਲ 2011 ਵਿੱਚ ‘ਪੀਪਲਜ਼ ਪਾਰਟੀ ਆਫ਼ ਪੰਜਾਬ’ ਬਣਨ ’ਤੇ ਉਹ ਅਕਾਲੀ ਦਲ ਛੱਡ ਕੇ ਉਸ ’ਚ ਚਲੇ ਗਏ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਗਬੀਰ ਬਰਾੜ ਪੀਪੀਪੀ ਦਾ ਸਾਥ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਵੱਲੋਂ ਜਲੰਧਰ ਛਾਉਣੀ ਤੋਂ ਲੜੀਆਂ ਸਨ, ਪਰ ਹਾਰ ਗਏ ਸਨ। 2017 ਦੀਆਂ ਚੋਣਾਂ ’ਚ ਜਗਬੀਰ ਬਰਾੜ ਨੂੰ ਨਕੋਦਰ ਤੋਂ ਟਿਕਟ ਦਿੱਤੀ ਗਈ ਸੀ ਪਰ ਉੱਥੋਂ ਉਹ ਜਿੱਤ ਨਹੀਂ ਸਕੇ ਸਨ। ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਵਿੱਚ ਗਿਣੇ ਜਾਂਦੇ ਜਗਬੀਰ ਬਰਾੜ ਨੂੰ ਡੇਢ ਸਾਲ ਪਹਿਲਾਂ ਹੀ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਬੋਰਡ ਦਾ ਚੇਅਰਮੈਨ ਲਾਇਆ ਗਿਆ ਸੀ। ਲੰਘੀ ਰਾਤ ਹੀ ਉਨ੍ਹਾਂ ਚੇਅਰਮੈਨੀ ਤੋਂ ਅਸਤੀਫ਼ਾ ਦਿੱਤਾ ਸੀ।
ਅੱਜ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਭ ਤੋਂ ਨਖਿੱਧ ਮੁੱਖ ਮੰਤਰੀ ਸਾਬਤ ਹੋਏ ਹਨ। ਨਵਜੋਤ ਸਿੰਘ ਸਿੱਧੂ ਨੂੰ ਡਰਾਮੇਬਾਜ਼ ਦੱਸਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਉਹ ਤਮਾਸ਼ੇ ਕਰ ਕੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਿੱਧੂ ਤੇ ਭਗਵੰਤ ਮਾਨ ਨੂੰ ਪੈਸੇ ਦੇ ਕੇ ਮਨੋਰੰਜਨ ਲਈ ਸੱਦਿਆ ਕਰਨਗੇ।
ਕਮਲਜੀਤ ਭਾਟੀਆ ਨੂੰ ਮਨਾਉਣ ਪੁੱਜੇ ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਫ਼ੈਸਲਿਆਂ ਤੋਂ ਨਾਰਾਜ਼ ਚੱਲ ਰਹੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੂੰ ਮਨਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਉਨ੍ਹਾਂ ਦੇ ਘਰ ਪੁੱਜੇ। ਸ੍ਰੀ ਭਾਟੀਆ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੱਚਾ ਸਿਪਾਹੀ ਦੱਸਦਿਆਂ ਕਿਹਾ ਕਿ ਜਿੱਥੇ ਵੀ ਪਾਰਟੀ ਹੁਕਮ ਕਰੇਗੀ, ਉਹ ਡਟ ਕੇ ਕੰਮ ਕਰਨਗੇ। ਉਧਰ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਨਗਰ ਵਿੱਚ ਮੀਟਿੰਗ ਕੀਤੀ। ਸ੍ਰੀ ਮੱਕੜ ਦੇ ਸਮਰਥਕ ਇਸ ਗੱਲੋਂ ਨਾਰਾਜ਼ ਸਨ ਕਿ ਜਲੰਧਰ ਛਾਉਣੀ ਤੋਂ ਪਾਰਟੀ ਨੇ ਜਗਬੀਰ ਸਿੰਘ ਬਰਾੜ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਜਦਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਚਲੇ ਗਏ ਸਨ।
ਵਿੱਕੀ ਮਿੱਡੂਖੇੜਾ ਦੀ ਯਾਦਗਾਰ ਲਈ ਵੀਹ ਲੱਖ ਰੁਪਏ ਦੇਣ ਦਾ ਐਲਾਨ
ਲੰਬੀ (ਪੱਤਰ ਪ੍ਰੇਰਕ): ਨੌਜਵਾਨ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਨਮਿਤ ਬੀਤੇ ਦਿਨ ਹੋਈ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਸ ਦੀ ਯਾਦਗਾਰ ਲਈ ਵੀਹ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਾਬਕਾ ਉਪ ਮੁੱਖ ਮੰਤਰੀ ਨੇ ਆਖਿਆ ਕਿ ਵਿੱਕੀ ਮਿੱਡੂਖੇੜਾ ਹਾਂ-ਪੱਖੀ ਨੌਜਵਾਨ ਸੀ, ਜਿਸ ਸਦਕਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਅਕਾਲੀ ਦਲ ਦੇ ਵਿਦਿਆਰਥੀ ਵਿੰਗ ‘ਸੋਈ’ ਦਾ ਵਜੂਦ ਹੋਂਦ ਵਿੱਚ ਆਇਆ ਸੀ। ਉਨ੍ਹਾਂ ਕਿਹਾ ਕਿ ਵਿੱਕੀ ਦੀ ਮੌਤ ਨਾਲ ਉਨ੍ਹਾਂ ਨੂੰ ਨਿੱਜੀ ਘਾਟਾ ਪਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਆਗਾਮੀ ਚੋਣਾਂ ਵਿੱਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣੀ ਤਾਂ ਵਿੱਕੀ ਮਿੱਡੂਖੇੜਾ ਦੀ ਵੱਡੀ ਯਾਦਗਾਰ ਬਣਾਈ ਜਾਵੇਗੀ।