ਰਵੇਲ ਸਿੰਘ ਭਿੰਡਰ
ਪਟਿਆਲਾ, 11 ਮਈ
ਪਾਵਰਕੌਮ ਵੱਲੋਂ ਡਿਫਾਲਟਰ ਖ਼ਪਤਕਾਰਾਂ ਕੋਲੋਂ ਬਕਾਇਆ ਉਗਰਾਹੀ ਇਕੱਤਰ ਕਰਨ ਲਈ ਪੇਂਡੂ ਤਬਕੇ ਦੇ ਖ਼ਪਤਕਾਰਾਂ ’ਤੇ ਕਥਿਤ ਤੌਰ ’ਤੇ ਪੇਸ਼ ਨਾ ਜਾਣ ਮਗਰੋਂ ਆਖ਼ਰ ਸ਼ਹਿਰੀ ਤੇ ਅਰਧ ਸ਼ਹਿਰੀ ਖ਼ਪਤਕਾਰਾਂ ’ਤੇ ਸ਼ਿਕੰਜਾ ਕੱਸਣ ਦੀ ਅੰਦਰਖਤੇ ਮੁਹਿੰਮ ਛੇੜ ਦਿੱਤੀ ਗਈ ਹੈ। ਅਜਿਹੀ ਮੁਹਿੰਮ ਦੇ ਸਿੱਟੇ ਵਜੋਂ ਬਕਾਇਆ ਧਾਰਕਾਂ ਅਰਧ-ਸ਼ਹਿਰੀ ਤੇ ਸ਼ਹਿਰੀ ਖੇਤਰ ਦੇ ਖ਼ਪਤਕਾਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟੇ ਜਾਣ ਦੀ ਚਿਤਾਵਨੀ ਦਿੱਤੀ ਜਾਣ ਲੱਗੀ ਹੈ। ਅਜਿਹੇ ਸਾਹਮਣੇ ਆ ਰਹੇ ਮਾਮਲਿਆਂ ਨੂੰ ਲੈ ਕੇ ਸ਼ਹਿਰੀ ਤੇ ਅਰਧ-ਸ਼ਹਿਰੀ ਕਾਲੋਨੀਆਂ ਦੇ ਖ਼ਪਤਕਾਰਾਂ ’ਚ ਪਾਵਰਕੌਮ ਦੀ ਨੀਯਤ ਤੇ ਨੀਤੀ ’ਤੇ ਕਈ ਤਰ੍ਹਾਂ ਦੇ ਸ਼ੱਕ ਪ੍ਰਗਟਾਏ ਜਾਣ ਲੱਗੇ ਹਨ।
ਵੇਰਵਿਆਂ ਮੁਤਾਬਿਕ ਪਾਵਰਕੌਮ ਦੀ ਅੰਦਰਖਾਤੇ ਵਾਲੀ ਮੁਹਿੰਮ ਤੋਂ ਸ਼ਹਿਰੀ ਤੇ ਅਰਧ-ਸ਼ਹਿਰੀ ਖ਼ਪਤਕਾਰਾਂ ਦੇ ਸਾਹ ਸੂਤੇ ਜਾਣ ਲੱਗੇ ਹਨ ਕਿਉਂਕਿ ਡਿਫਾਲਟਰ ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣਗੇ। ਅਜਿਹੀ ਨੌਬਤ ਮਗਰੋਂ ਆਖ਼ਿਰ ਸਮਾਜਿਕ ਪੱਧਰ ਕਾਇਮ ਰੱਖਣ ਲਈ ਬਕਾਇਆ ਧਾਰਕਾਂ ਨੂੰ ਆਪਣੀ ਬਿਜਲੀ ਸਪਲਾਈ ਨਿਰੰਤਰ ਰੱਖਣ ਲਈ ਬਕਾਇਆ ਰਕਮ ’ਚੋਂ ਕੁਝ ਨਾ ਕੁਝ ਮੌਕੇ ’ਤੇ ਭਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਪਿਛਲੇ ਸਾਲ ਤੋਂ ਪੰਜਾਬ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਛਿੜੇ ਕਿਸਾਨ ਸੰਘਰਸ਼ ਮਗਰੋਂ ਬਿਜਲੀ ਕਰਮਚਾਰੀਆਂ ਦੀ ਪਿੰਡਾਂ ਵਿਚ ਨਾ ਤਾਂ ਬਿਜਲੀ ਚੋਰੀ ਪੱਖੋਂ ਚੈਕਿੰਗ ਚੱਲ ਰਹੀ ਹੈ ਤੇ ਨਾ ਹੀ ਡਿਫਾਲਟਰ ਖ਼ਪਤਕਾਰਾਂ ਨੂੰ ਕੁਨੈਕਸ਼ਨ ਕੱਟਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਸੂਤਰ ਦੱਸਦੇੇ ਹਨ ਕਿ ਪਿੰਡਾਂ ਦੇ ਮਾਮਲੇ ਵਿਚ ਬਿਜਲੀ ਮਹਿਕਮਾ ਖਾਮੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਈ ਪੇਂਡੂ ਖੇਤਰਾਂ ਵਿਚ ਬਿਜਲੀ ਚੋਰੀ ਦੀ ਚੈਕਿੰਗ ਤੇ ਬਕਾਏ ਉਗਰਾਹੁਣ ਦੌਰਾਨ ਬਿਜਲੀ ਕਰਮਚਾਰੀਆਂ ਨੂੰ ਵਿਰੋਧ ਝੱਲਣਾ ਪਿਆ ਹੈ। ਅਜਿਹੇ ਮਾਹੌਲ ਮਗਰੋਂ ਪਾਵਰਕੌਮ ਨੇ ਅੰਦਰਖਾਤੇ ਪਿੰਡਾਂ ਦੀ ਹਰ ਤਰ੍ਹਾਂ ਦੀ ਗਤੀਵਿਧੀ ਨੂੰ ਫ਼ਿਲਹਾਲ ਥੰਮ੍ਹਿਆ ਹੋਇਆ। ਮਹਿਕਮੇ ਵੱਲੋਂ ਸਾਰੀ ਤਾਕਤ ਸ਼ਹਿਰੀ ਤੇ ਅਰਧ-ਸ਼ਹਿਰੀ ਖੇਤਰਾਂ ਵੱਲ ਝੋਕੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਪਾਵਰਕੌਮ ਦਾ ਇਨੀਂ ਦਿਨੀਂ 2100 ਕਰੋੜ ਦੇ ਕਰੀਬ ਪ੍ਰਾਈਵੇਟ ਖ਼ਪਤਕਾਰਾਂ ਵੱਲ ਬਕਾਇਆ ਖੜ੍ਹਾ ਹੈ। ਪ੍ਰਤੀ ਸਾਲ 1200 ਕਰੋੜ ਰੁਪਏ ਦੀ ਬਿਜਲੀ ਚੋਰੀ ਵੀ ਹੋ ਰਹੀ ਹੈ।
ਪਾਵਰਕੌਮ ਲਈ ਦਿਹਾਤੀ ਤੇ ਸ਼ਹਿਰੀ ਖ਼ਪਤਕਾਰ ਇੱਕੋ ਜਿਹੇ: ਸੀਐਮਡੀ
ਪਾਵਰਕੌਮ ਦੇ ਸੀਐਮਡੀ ਏ.ਵੇਣੂ ਪ੍ਰਸਾਦ ਨੇ ਇਸ ਗੱਲੋਂ ਇਨਕਾਰ ਕੀਤਾ ਹੈ ਕਿ ਪਾਵਰਕੌਮ ਦੀ ਪਿੰਡਾਂ ਵਿਚ ਚੋਰੀ ਦੀ ਪੈੜ ਨੱਪਣ ਜਾਂ ਬਕਾਇਆ ਰਕਮ ਉਗਰਾਹੁਣ ਲਈ ਮੁਹਿੰਮ ਠੱਪ ਪਈ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪਾਵਰਕੌਮ ਦਿਹਾਤੀ ਤੇ ਸ਼ਹਿਰੀ ਆਦਿ ਖ਼ਪਤਕਾਰਾਂ ਨੂੰ ਇੱਕੋ ਨਿਯਮ ਵਿਚ ਦੇਖਦਾ ਹੈ, ਸਾਰੇ ਦੋਸ਼ੀ ਖ਼ਪਤਕਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।